ਫਿਲਾਡੇਲਫੀਆ (ਰਾਜ ਗੋਗਨਾ)- ਹਮਾਸ ਅਤੇ ਇਜ਼ਰਾਈਲ ਵਿਚਾਲੇ ਚੱਲ ਰਹੇ ਭਾਰੀ ਟਕਰਾਅ ‘ਚ ਪੂਰੀ ਤਰ੍ਹਾਂ ਇਜ਼ਰਾਈਲ ਦੇ ਨਾਲ ਅਤੇ ਉਸ ਦੇ ਪੱਖ ‘ਚ ਖੜ੍ਹੇ ਅਮਰੀਕਾ ਵੱਲੋਂ ਇਜ਼ਰਾਈਲ ਨੂੰ ਹਰ ਤਰ੍ਹਾਂ ਦੀ ਮਦਦ ਦਿੱਤੀ ਜਾ ਰਹੀ ਹੈ। ਇਸ ਜੰਗ ਦੇ ਵਿਚਕਾਰ ਅਮਰੀਕੀ ਰਾਸ਼ਟਰਪਤੀ ਜੋ ਬਿਡੇਨ ਨੇ ਅਮਰੀਕਾ ਦੇ ਰਾਜ ਪੇਨਸਿਲਵੇਨੀਆ ਦੇ ਸ਼ਹਿਰ ਫਿਲਾਡੇਲਫੀਆ ਵਿੱਚ ਇੱਕ ਸਮਾਗਮ ਵਿੱਚ ਹਮਾਸ ਸੰਗਠਨ ਨੂੰ ਅਲਕਾਇਦਾ ਤੋਂ ਵੀ ਵੱਧ ਵਹਿਸ਼ੀ, ਅਤੇ ਖ਼ਤਰਨਾਕ ਦੱਸਿਆ ਹੈ। ਉਨ੍ਹਾਂ ਕਿਹਾ ਕਿ ਹਮਾਸ ਦੇ ਸਾਹਮਣੇ ਅਲਕਾਇਦਾ ਬਹੁਤ ਪਵਿੱਤਰ ਨਜ਼ਰ ਆਉਂਦੀ ਹੈ। ਹਮਾਸ ਦੇ ਲੋਕ ਇਨਸਾਨ ਨਹੀਂ ਸਗੋਂ ਰਾਖਸ਼ ਹਨ। ਅਸੀਂ ਇਜ਼ਰਾਈਲ ਦੀ ਸੁਰੱਖਿਆ ਅਤੇ ਜਵਾਬੀ ਉਪਾਵਾਂ ‘ਤੇ ਪੂਰਾ ਧਿਆਨ ਦੇ ਰਹੇ ਹਾਂ। ਇਸ ਦੇ ਨਾਲ ਹੀ ਗਾਜ਼ਾ ਪੱਟੀ ਵਿੱਚ ਪੈਦਾ ਹੋਏ ਮਾਨਵੀ ਸੰਕਟ ਵੱਲ ਧਿਆਨ ਦੇਣਾ ਵੀ ਸਾਡੀ ਤਰਜੀਹ ਹੈ।ਰਾਸ਼ਟਰਪਤੀ ਬਿਡੇਨ ਨੇ ਕਿਹਾ ਕਿ, ਸਾਡੀ ਟੀਮ ਮੱਧ ਪੂਰਬ ‘ਚ ਸਥਿਤੀ ‘ਤੇ ਨਜ਼ਰ ਰੱਖ ਰਹੀ ਹੈ। ਇਜ਼ਰਾਈਲ ਦੇ ਨਾਲ-ਨਾਲ ਮਿਸਰ, ਜਾਰਡਨ ਅਤੇ ਹੋਰ ਅਰਬ ਦੇਸ਼ਾਂ ਨਾਲ ਵੀ ਗੱਲਬਾਤ ਚੱਲ ਰਹੀ ਹੈ। ਜਿਵੇਂ ਕਿ ਅਸੀਂ ਜਾਣਦੇ ਹਾਂ, ਜ਼ਿਆਦਾਤਰ ਲੋਕ ਹਮਾਸ ਦਾ ਸਮਰਥਨ ਨਹੀਂ ਕਰਦੇ ਹਨ।ਰਾਸ਼ਟਰਪਤੀ ਬਿਡੇਨ ਨੇ ਕਿਹਾ ਕਿ ਅੱਜ ਸਵੇਰੇ ਮੈਂ ਉਨ੍ਹਾਂ ਅਮਰੀਕੀ ਨਾਗਰਿਕਾਂ ਦੇ ਪਰਿਵਾਰਾਂ ਨਾਲ ਗੱਲ ਕੀਤੀ ਜਿਨ੍ਹਾਂ ਨੂੰ ਇਜ਼ਰਾਈਲ ‘ਤੇ ਹਮਾਸ ਦੇ ਹਮਲੇ ਦੌਰਾਨ ਬੰਧਕ ਬਣਾਇਆ ਗਿਆ ਸੀ। ਉਨ੍ਹਾਂ ਨੂੰ ਕੋਈ ਪਤਾ ਨਹੀਂ ਕਿ ਉਨ੍ਹਾਂ ਦੇ ਰਿਸ਼ਤੇਦਾਰ ਕਿੱਥੇ ਹਨ ਅਤੇ ਉਨ੍ਹਾਂ ਦੀ ਹਾਲਤ ਕੀ ਹੈ। ਅਸੀਂ ਉਨ੍ਹਾਂ ਨੂੰ ਹਰ ਤਰ੍ਹਾਂ ਦੀ ਮਦਦ ਦਾ ਵਾਅਦਾ ਕੀਤਾ ਹੈ। ਹਮਾਸ ਦੁਆਰਾ ਅਗਵਾ ਕੀਤੇ ਗਏ ਅਮਰੀਕੀ ਨਾਗਰਿਕਾਂ ਦੀ ਸੁਰੱਖਿਆ ਲਈ ਸਰਕਾਰ 24 ਘੰਟੇ ਕੰਮ ਕਰ ਰਹੀ ਹੈ