ਸਰੀ (ਰਾਜ ਗੋਗਨਾ )—ਬੀਤੇਂ ਦਿਨ ਸਰੀ (ਕੈਨੇਡਾ) ਵਿੱਖੇਂ ਪੰਜਾਬ ਭਵਨ ਸਰੀ ਵੱਲੋਂ ਇਕ ਕੌਮਾਂਤਰੀ ਪੰਜਾਬੀ ਸਮਾਜ, ਸਾਹਿਤ ਅਤੇ ਸੱਭਿਆਚਾਰ ਵਿਸ਼ੇ ਉਪਰ ‘ਪੰਜਾਬੀ ਸਾਹਿਤ ਅਤੇ ਸੱਭਿਆਚਾਰ ਸਮਾਗਮ ਕਰਵਾਇਆ ਗਿਆ। ਭਾਰਤ, ਇਟਲੀ, ਯੂ.ਕੇ, ਆਸਟ੍ਰੇਲੀਆ, ਪਾਕਿਸਤਾਨ, ਅਮਰੀਕਾ ਅਤੇ ਕੈਨੇਡਾ ਦੇ ਵੱਖ ਵੱਖ ਹਿੱਸਿਆਂ ਤੋਂ ਸਾਹਿਤਕ ਅਤੇ ਸੱਭਿਆਚਾਰਕ ਸੰਸਥਾਵਾਂ ਦੇ ਮੈਂਬਰਾਂ ਬੁੱਧੀਜੀਵੀਆਂ, ਕਲਾਕਾਰਾਂ, ਰੰਗਕਰਮੀਆਂ, ਚਿੱਤਰਕਾਰਾਂ, ਕਵੀਆਂ, ਸਾਹਿਤਕਾਰਾਂ ਨੇ ਪੰਜਾਬ ਭਵਨ ਦੇ ਪਿਆਰ ਭਰੇ ਸੱਦੇ ਤੇ ਸ਼ਮੂਲੀਅਤ ਕੀਤੀ।ਸਤਿਕਾਰਿਤ ਸੱਜਣਾਂ ਦੇ ਭਰਵੇਂ ਇਕੱਠ ਦੀ ਇਸ ਸਟੇਜ ਉਪਰ ਪ੍ਰਧਾਨਗੀ ਮੰਡਲ ਵਿੱਚ ਡਾ. ਸਾਧੂ ਸਿੰਘ, ਸ਼੍ਰੀ ਸੁੱਖੀ ਬਾਠ, ਡਾ.ਸਤੀਸ਼ ਵਰਮਾ, ਡਾ.ਸਾਹਿਬ ਸਿੰਘ ਅਤੇ ਸ੍ਰ.ਗੁਰਮੀਤ ਪਲਾਹੀ ਵਿਰਾਜਮਾਨ ਸਨ। ਫ਼ਿਜ਼ਾਂ `ਚ ਗੂੰਜਦੀਆਂ ਸੰਗੀਤਕ ਧੁੰਨਾਂ ਦੀ ਹਾਜ਼ਰੀ ਵਿੱਚ ਪ੍ਰਧਾਨਗੀ ਮੰਡਲ ਵੱਲੋਂ ਸ਼ਮਾ ਰੋਸ਼ਨ ਕੀਤੀ ਗਈ। ਡਾ.ਸਤੀਸ਼ ਵਰਮਾ ਦੇ ਉਦਘਾਟਨੀ ਸ਼ਬਦਾਂ, ਸ਼੍ਰੀ ਸੁੱਖੀ ਬਾਠ ਜੀ ਦੇ ਸਵਾਗਤੀ ਸ਼ਬਦਾਂ ਅਤੇ ਡਾ. ਸਾਧੂ ਸਿੰਘ ਜੀ ਦੇ ਆਰੰਭਿਕ ਸ਼ਬਦ ਨਾਲ ਸ਼ੁਰੂ ਹੋਏ ਦੋ ਦਿਨਾਂ ਤੱਕ ਚੱਲੇ ਸੰਮੇਲਨ ਵਿੱਚ ‘ਗੁਰਮਤਿ ਦੇ ਚਾਨਣ ਵਿੱਚ’, ‘ਕੌਮਾਤਰੀ ਪੰਜਾਬੀ ਸਮਾਜ ਅਤੇ ਸਾਹਿਤ’ ਕੌਮਾਂਤਰੀ ਪੰਜਾਬੀ ਸਮਾਜ ਦਾ ਸੰਕਲਪ, ‘ਕੈਨੇਡੀਅਨ ਪੰਜਾਬੀ ਕਲਾਵਾਂ ਅਤੇ ਸੰਚਾਰ ਮਾਧਿਅਮ,’ ‘ਕੈਨੇਡਾ ਦਾ ਪੰਜਾਬੀ ਸਾਹਿਤ’ ਅਤੇ ‘ਸਾਹਿਤ ਦਾ ਸਿਆਸੀ ਪਰਿਪੇਖ’ ਆਦਿ ਵਿਸ਼ਿਆਂ ਤੇ ਵੱਖ ਵੱਖ ਵਿਦਵਾਨਾਂ ਨੇ ਵਿਦਵਤਾ ਭਰਪੂਰ ਅਤੇ ਗਿਆਨਵਰਧਕ ਪਰਚੇ ਪੜ੍ਹੇ।ਆਸਟ੍ਰੇਲੀਆ ਤੋਂ ਆਏ ਕਈ ਪੰਜਾਬੀ ਗਾਇਕਾਂ ਅਤੇ ਵਿਸ਼ੇਸ਼ ਤੌਰ ਤੇ ਲੋਕ ਮਨਾਂ `ਚ ਵਸੇ ਪੰਜਾਬੀ ਗਾਇਕਾਂ ਸਰਬਜੀਤ ਚੀਮਾ ਅਤੇ ਮਲਕੀਤ ਸਿੰਘ ਨੇ ਆਪਣੇ ਆਪਣੇ ਗੀਤਾਂ ਨਾਲ ਆਲਾ ਦੁਆਲਾ ਸੁਗੰਧਿਤ ਕਰ ਦਿੱਤਾ। ਹਰ ਇਕ ਵਿਸ਼ੇ ਤੇ ਔਰਤਾਂ ਦੀ ਅੱਧ ਤੋਂ ਵੱਧ ਨੁਮਾਇੰਗੀ ਇਸ ਪ੍ਰੋਗਰਾਮ ਦੀ ਪ੍ਰਾਪਤੀ ਸੀ। ਇਕ ਕਲਾਕਾਰੀ ਨਾਟਕ ਜੋ ਕਿ ਡਾ.ਸਾਹਿਬ ਸਿੰਘ ਵੱਲੋਂ ਸੰਮਾਂ ਵਾਲੀ ਡਾਂਗ ਅਤੇ ਅਨੀਤਾ ਸ਼ਬਦੀਸ਼ ਵੱਲੋਂ (ਦਿੱਲੀ ਰੋਡ ‘ਤੇ ਇਕ ਹਾਦਸਾ) ਪੇਸ਼ ਕੀਤੇ ਗਏ, ਨੂੰ ਬਹੁਤ ਸਲਾਹਿਆ ਗਿਆ। ਇਸ ਸੰਮੇਲਨ ਪੰਜਾਬੀ ਲਿਖਾਰੀ ਸਭਾ (ਰਜਿ.) ਸਿਆਟਲ ਦੀ ਸਰਪ੍ਰਸਤਾ ਸਤਿਕਾਰਿਤ ਬੀਬੀ ਸਵਰਾਜ ਕੌਰ ਨੂੰ ਇਸ ਸਾਲ ਦੇ ਪੰਜਾਬ ਭਵਨ ਦੇ ਵਕਾਰੀ ਐਵਾਰਡ ‘ਸ੍ਰ.ਅਰਜਨ ਸਿੰਘ ਬਾਠ ਯਾਦਗਾਰੀ ਐਵਾਰਡ’ ਨਾਲ ਨਿਵਾਜਿਆ ਗਿਆ ਅਤੇ ਨਾਲ ਹੀ ਇਹ ਸਨਮਾਨ ਇਸ ਵਾਰ ਕੈਨੇਡਾ ਵੱਸਦੇ ਵਿਦਵਾਨ ਸਾਹਿਤਕਾਰ ਡਾ.ਸਾਧੂ ਸਿੰਘ ਨੂੰ ਦਿੱਤਾ ਗਿਆ। ਧਰਤੀ ਦੇ ਕੋਨੇ ਕੋਨੇ ਤੋਂ ਆਏ ਕਵੀਆਂ ਕਵਿਤਰੀਆਂ ਨੇ ਵੱਖ ਵੱਖ ਵਿਸ਼ਿਆਂ ਤੇ ਲਿਖੀਆਂ ਆਪਣੀਆਂ ਕਵਿਤਾਵਾਂ ਅਤੇ ਗੀਤਾਂ ਦੇ ਰੰਗ ਬਿਖੇਰੇ। ਪੰਜਾਬ ਭਵਨ ਦੇ ਬਾਨੀ ਸ੍ਰੀ ਸੁੱਖੀ ਬਾਠ, ਅੰਤਰਰਾਸ਼ਟਰੀ ਪੱਧਰ ਦੇ ਕਵੀ ਕਵਿੰਦਰ ਚਾਂਦ ਅਤੇ ਸਿਰਤਾਜ ਲੇਖਕ ਕਵੀ ਅਮਰੀਕ ਪਲਾਹੀ ਅਤੇ ਪੰਜਾਬ ਭਵਨ ਸਰੀ ਕੈਨੇਡਾ ਅਤੇ ਪੰਜਾਬ ਭਵਨ ਜਲੰਧਰ ਦੀ ਸਮੁੱਚੀ ਟੀਮ ਦੇ ਅਣਥੱਕ ਯਤਨਾਂ ਸਦਕਾ ਚੌਥਾ ਕੌਮਾਂਤਰੀ ਪੰਜਾਬੀ ਸਮਾਜ, ਸਾਹਿਤ ਅਤੇ ਸੱਭਿਆਚਾਰ ਸਮਾਗਮ ਸਫਲਤਾ ਪੂਰਵਕ ਅਤੇ ਯਾਦਗਾਰੀ ਹੋ ਕੇ ਨਿੱਬੜਿਆ।