ਤਰਨਤਾਰਨ (ਕੰਵਲ)ਅੱਜ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੀ ਹੰਗਾਮੀ ਮੀਟਿੰਗ ਪਿੰਡ ਮਾਨੋਚਾਹਲ ਦੇ ਗੁਰਦੁਆਰਾ ਬਾਬਾ ਜੋਗੀ ਪੀਰ ਵਿਖੇ ਹੋਈ ਜਿਸ ਵਿਚ ਕੁਲਦੀਪ ਸਿੰਘ ਬੁੱਗਾ ਨੂੰ ਜੋਨ ਸ੍ਰੀ ਗੁਰੂ ਅਰਜਨ ਦੇਵ ਜੀ ਦਾ ਪ੍ਰੈੱਸ ਸਕੱਤਰ ਐਲਾਨਿਆ ਗਿਆ। ਇਸ ਸਮੇਂ ਕੁਲਦੀਪ ਸਿੰਘ ਬੁੱਗਾ ਨੇ ਕਿਸਾਨ ਮਜਦੂਰ ਸੰਘਰਸ਼ ਕਮੇਟੀ ਦਾ ਧੰਨਵਾਦ ਕਰਦਿਆਂ ਵਿਸ਼ਵਾਸ ਦਿਵਾਇਆ ਜੋ ਉਨ੍ਹਾਂ ਨੂੰ ਜ਼ਿੰਮੇਵਾਰੀ ਮਿਲੀ ਹੈ ਉਸ ਨੂੰ ਤਨਦੇਹੀ ਨਾਲ ਨਿਭਾਉਣਗੇ।ਇਸ ਸਮੇਂ ਉਨ੍ਹਾਂ ਅੱਗੇ ਬੋਲਦਿਆਂ ਕਿਹਾ ਕਿ ਸਮੇਂ ਸਮੇਂ ਦੀਆਂ ਸਰਕਾਰਾਂ ਵੱਲੋਂ ਕਿਸਾਨਾਂ ਮਜਦੂਰਾਂ ਦੀਆਂ ਮੰਗਾ ਨੂੰ ਅਣਗੌਲਿਆ ਕੀਤਾ ਜਾਂਦਾ ਹੈ ਅਤੇ ਮਹਿੰਗਾਈ ਦਿਨੋਂ ਦਿਨੀਂ ਆਮ ਲੋਕਾਂ ਦਾ ਲੱਕ ਤੋੜ ਰਹੀ ਹੈ।ਉਨ੍ਹਾਂ ਕਿਹਾ ਕਿ ਸਰਕਾਰਾਂ ਸੱਤਾ ਚ ਆਉਣ ਸਮੇਂ ਵਾਅਦੇ ਤਾਂ ਵੱਡੇ ਵੱਡੇ ਕਰਦੀਆਂ ਨੇ ਪਰ ਸੱਤਾ ਚ ਆਉਣ ਤੋਂ ਬਾਅਦ ਉਨ੍ਹਾਂ ਨੂੰ ਪੂਰਾ ਨਹੀਂ ਕਰਦੀਆਂ ਜਿਸ ਦੀ ਮਾਰ ਆਮ ਜਨਤਾ ਨੂੰ ਝੱਲਣੀ ਪੈਂਦੀ ਹੈ।ਕੁਲਦੀਪ ਸਿੰਘ ਬੁੱਗਾ ਨੇ ਕਿਹਾ ਕਿ ਕੇਂਦਰ ਅਤੇ ਸੂਬਾ ਸਰਕਾਰਾ ਵਲੋਂ ਲੋਕਾਂ ਨੂੰ ਸਹੂਲਤਾਂ ਦੇਣ ਦੀ ਬਜਾਏ ਲੋਕਾਂ ਉੱਤੇ ਹੋਰ ਬੋਝ ਪਾਇਆ ਜਾਦਾ ਹੈ ਅਤੇ ਧੱਕੇ ਨਾਲ ਲੋਕਾਂ ਉੱਪਰ ਆਪਣੇ ਫ਼ੈਸਲੇ ਥੋਪੇ ਜਾ ਰਹੇ ਹਨ ਜਿਵੇਂ ਬਿਜਲੀ ਐਕਟ 2020 ਨੂੰ ਪਾਰਲੀਮੈਂਟ ਵਿੱਚ ਪੇਸ਼ ਕਰਨਾ, ਬਿਆਸ ਭਾਖੜਾ ਮੈਨੇਜਮੈਂਟ ਵਿੱਚੋਂ ਪੰਜਾਬ ਅਤੇ ਹਰਿਆਣਾ ਨੂੰ ਬਾਹਰ ਕਰਨਾ, ਕਾਰਪੋਰੇਟ ਘਰਾਣਿਆਂ ਦਾ ਕਰਜ਼ਾ ਮੁਆਫ਼ ਕਰਨਾ ਅਜਿਹੇ ਬਹੁਤ ਸਾਰੇ ਫੈਸਲੇ ਲੋਕ ਵਿਰੋਧੀ ਹਨ।ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਸਰਕਾਰ ਦੀਆਂ ਲੋਕ ਮਾਰੂ ਨੀਤੀਆਂ ਨੂੰ ਕਦੇ ਵੀ ਕਾਮਯਾਬ ਨਹੀਂ ਹੋਣ ਦੇਵੇਗੀ।