ਕਿਹਾ – ਮੌਜੂਦਾ 5 ਮੈਂਬਰੀ ਕਮੇਟੀ ਪ੍ਰਧਾਨਗੀ ਦੀ ਚੋਣ ਕਰਾਉਣ ਵਿੱਚ ਕਿਓਂ ਕਰ ਰਹੀ ਹੈ ਦੇਰੀ, ਇਹ ਇੱਕ ਬੜਾ ਵੱਡਾ ਸਵਾਲ
ਕਿਹਾ – ਛਾਉਣੀ ਇਲਾਕੇ ਦੀ ਸਿੱਖ ਸੰਗਤ ਵਿੱਚ ਬਣਿਆ ਚਰਚਾ ਦਾ ਵਿਸ਼ਾ
ਜਲੰਧਰ, (Jatinder Rawat ) :- ਗੁਰਦੁਆਰਾ ਸ਼੍ਰੀ ਗੁਰੂ ਸਿੰਘ ਸਭਾ (ਰਜਿ:) ਜਲੰਧਰ ਛਾਉਣੀ ਦੇ ਪ੍ਰਧਾਨ ਦੀ ਚੋਣ ਕਦੋਂ ਹੋਏਗੀ ਅਤੇ ਮੌਜੂਦਾ 5 ਮੈਂਬਰੀ ਕਮੇਟੀ ਪ੍ਰਧਾਨਗੀ ਦੀ ਚੋਣ ਕਰਾਉਣ ਵਿੱਚ ਦੇਰੀ ਕਿਓਂ ਕਰ ਰਹੀ ਹੈ , ਇਹ ਇੱਕ ਬੜਾ ਵੱਡਾ ਸਵਾਲ ਹੈ ਜੋਕਿ ਛਾਉਣੀ ਇਲਾਕੇ ਦੀ ਸਿੱਖ ਸੰਗਤ ਵਿੱਚ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ। ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਕੈਂਟ ਨਿਵਾਸੀ ਅਤੇ ਗੁਰਦੁਆਰਾ ਸਾਹਿਬ ਦੇ ਮੈਂਬਰ ਬਲਜੀਤ ਸਿੰਘ ਟਿੰਕਾ, ਚਰਨਜੀਤ ਸਿੰਘ ਚੱਡਾ ਅਤੇ ਹਰਸ਼ਰਨ ਸਿੰਘ ਚਾਵਲਾ ਨੇ ਸਾਂਝੇ ਤੌਰ ਤੇ ਕੀਤਾ।
ਬਲਜੀਤ ਸਿੰਘ ਟਿੰਕਾ ਅਤੇ ਹਰਸ਼ਰਨ ਸਿੰਘ ਚਾਵਲਾ ਨੇ ਕਿਹਾ ਕਿ ਗੁਰਦੁਆਰਾ ਸ਼੍ਰੀ ਗੁਰੂ ਸਿੰਘ ਸਭਾ (ਰਜਿ:) ਜਲੰਧਰ ਛਾਉਣੀ ਦੇ ਸਾਬਕਾ ਪ੍ਰਧਾਨ ਸ. ਚਰਨਜੀਤ ਸਿੰਘ ਚੱਡਾ ਨੂੰ ਗੁਰਦੁਆਰਾ ਸਾਹਿਬ ਦੀ ਪ੍ਰਧਾਨਗੀ ਛੱਡਿਆਂ ਤਕਰੀਬਨ 2 ਮਹੀਨੇ ਤੋਂ ਉਪਰ ਹੋ ਗਏ ਹਨ। ਪ੍ਰਧਾਨਗੀ ਛੱਡਣ ਵੇਲੇ ਸਾਬਕਾ ਪ੍ਰਧਾਨ ਵਲੋਂ 5 ਮੈਂਬਰੀ ਕਮੇਟੀ ਬਣਾ ਕੇ ਤਕਰੀਬਨ 4 ਲੱਖ ਰੁਪਏ, ਇੱਕ ਸੋਨੇ ਦਾ ਛੱਤਰ ਅਤੇ ਹੋਰ ਸਮਾਨ ਕਮੇਟੀ ਦੇ ਸਪੁਰਦ ਕੀਤਾ ਸੀ।
ਇਸ ਤੋਂ ਬਾਅਦ 5 ਮੈਂਬਰੀ ਕਮੇਟੀ ਨੇ ਨਵੇਂ ਪ੍ਰਧਾਨ ਦੀ ਚੋਣ ਲਈ ਗੁਰਦੁਆਰਾ ਸਾਹਿਬ ਦੇ ਮੈਂਬਰ ਬਣਨ ਲਈ ਵੋਟਾਂ ਬਨਾਉਣੀਆਂ ਸ਼ੁਰੂ ਕਰ ਦਿੱਤੀਆਂ। ਇਸ ਦੌਰਾਨ 265 ਦੇ ਕਰੀਬ ਗੁਰੂ ਘਰ ਦੇ ਪ੍ਰੇਮੀ ਸੱਜਣ ਗੁਰਦੁਆਰਾ ਸਾਹਿਬ ਦੇ ਮੈਂਬਰ ਬਣੇ ਲੇਕਿਨ ਹੈਰਾਨਗੀ ਦੀ ਗੱਲ ਹੈ ਕਿ ਵੋਟਾਂ ਬਨਣ ਤੋਂ ਬਾਅਦ ਅੱਜ ਤੱਕ 5 ਮੈਂਬਰੀ ਕਮੇਟੀ ਵਲੋਂ ਨਵੇਂ ਪ੍ਰਧਾਨ ਦੀ ਚੋਣ ਲਈ ਕੋਈ ਐਲਾਨ ਨਹੀਂ ਕੀਤਾ ਗਿਆ। ਇਥੇ ਦੱਸਣਯੋਗ ਹੈ ਕਿ ਇਸ ਦੌਰਾਨ 5 ਮੈਂਬਰੀ ਕਮੇਟੀ ਵਿਚੋਂ 2-3 ਮੈਂਬਰਾਂ ਨੇ ਆਪਣੇ ਅਸਤੀਫੇ ਤੱਕ ਦੇ ਦਿੱਤੇ, ਜਿਸਦੀ ਵਜ੍ਹਾ ਇਸ ਕਮੇਟੀ ਦੇ ਕੁੱਝ ਮੈਂਬਰਾਂ ਵਲੋਂ ਆਪਣੀ ਮਨਮਾਨੀ ਕਰਨਾ ਸੀ।
ਚਰਨਜੀਤ ਸਿੰਘ ਚੱਡਾ ਨੇ ਕਿਹਾ ਕਿ ਜੇਕਰ ਗੁਰਦੁਆਰਾ ਸਾਹਿਬ ਦੇ ਵਿਧਾਨ ਮੁਤਾਬਿਕ ਦੇਖਿਆ ਜਾਵੇ ਤਾਂ ਮੌਜੂਦਾ ਪ੍ਰਧਾਨ ਦੇ ਪ੍ਰਧਾਨਗੀ ਛੱਡਣ ਤੋਂ ਬਾਅਦ ਸੀਨੀਅਰ ਮੀਤ ਪ੍ਰਧਾਨ ਨੂੰ ਕਾਰਜਕਾਰੀ ਪ੍ਰਧਾਨ ਬਣਾਇਆ ਜਾਂਦਾ ਹੈ ਜੋ ਸਹੀ ਢੰਗ ਨਾਲ ਨਵੇਂ ਪ੍ਰਧਾਨ ਦੀ ਚੋਣ ਕਰਵਾਉਂਦਾ ਹੈ ਪਰ ਇਥੇ ਸੀਨੀਅਰ ਮੀਤ ਪ੍ਰਧਾਨ ਨੂੰ ਕਾਰਜਕਾਰੀ ਪ੍ਰਧਾਨ ਨਾ ਬਣਾਉਂਦੇ ਹੋਏ 5 ਮੈਂਬਰੀ ਕਮੇਟੀ ਬਣਾ ਦਿੱਤੀ ਗਈ ਤਾਂ ਜੋ ਕਿਸੇ ਦੇ ਮਨ ਵਿੱਚ ਕਿਸੇ ਤਰਾਂ ਦਾ ਕੋਈ ਸ਼ੱਕ ਨਾ ਰਹੇ। ਪਰ ਇਸ 5 ਮੈਂਬਰੀ ਦੇ ਕੁਝ ਮੈਂਬਰਾਂ ਵਲੋਂ ਮਨਮਾਨੀ ਕਰਨ ਦੇ ਕਾਰਣ ਇਸ ਕਮੇਟੀ ਦੇ 2-3 ਮੈਂਬਰਾਂ ਨੇ ਅਸਤੀਫਾ ਦੇ ਦਿੱਤਾ ਅਤੇ ਹੁਣ ਦੀ ਮੌਜੂਦਾ ਕਮੇਟੀ ਵਲੋਂ ਹੋਰ ਮੈਂਬਰ ਪਾ ਕੇ ਖਾਨਾਪੂਰਤੀ ਕਰ ਦਿੱਤੀ ਗਈ ਜੋਕਿ ਸਰਾਸਰ ਗਲਤ ਹੈ। ਪਰ ਹੁਣ ਇਹ ਮੌਜੂਦਾ 5 ਮੈਂਬਰੀ ਕਮੇਟੀ ਪ੍ਰਧਾਨਗੀ ਦੀ ਚੋਣ ਕਰਾਉਣ ਵਿੱਚ ਕਿਓਂ ਦੇਰੀ ਕਰ ਰਹੀ ਹੈ, ਇਹ ਇੱਕ ਬੜਾ ਵੱਡਾ ਸਵਾਲ ਪੈਦਾ ਹੁੰਦਾ ਹੈ।
ਬਲਜੀਤ ਸਿੰਘ ਟਿੰਕਾ, ਚਰਨਜੀਤ ਸਿੰਘ ਚੱਡਾ ਅਤੇ ਹਰਸ਼ਰਨ ਸਿੰਘ ਚਾਵਲਾ ਨੇ ਕਿਹਾ ਕਿ ਮੌਜੂਦਾ ਆਪੇ ਬਣੀ 5 ਮੈਂਬਰੀ ਕਮੇਟੀ ਵਲੋਂ ਗੁਰਦੁਆਰਾ ਸਾਹਿਬ ਦੀ ਇਮਾਰਤ ਅੰਦਰ ਆਪਣੀ ਮਰਜੀ ਨਾਲ ਕੰਮ ਕਰਵਾਏ ਜਾ ਰਹੇ ਹਨ ਜੋਕਿ ਵਿਧਾਨ ਦੇ ਉਲਟ ਅਤੇ ਸਰਾਸਰ ਗਲਤ ਹੈ ਜਦਕਿ 5 ਮੈਂਬਰੀ ਕਮੇਟੀ ਸਿਰਫ ਗੁਰੂਦੁਆਰਾ ਸਾਹਿਬ ਦੇ ਨਵੇਂ ਪ੍ਰਧਾਨ ਦੀ ਚੋਣ ਲਈ ਬਣਾਈ ਗਈ ਸੀ ਨਾ ਕਿ ਕਿਸੇ ਹੋਰ ਕੰਮ ਲਈ।
ਬਲਜੀਤ ਸਿੰਘ ਟਿੰਕਾ, ਚਰਨਜੀਤ ਸਿੰਘ ਚੱਡਾ ਅਤੇ ਹਰਸ਼ਰਨ ਸਿੰਘ ਚਾਵਲਾ ਨੇ ਕਿਹਾ ਕਿ ਮੌਜੂਦਾ 5 ਮੈਂਬਰੀ ਕਮੇਟੀ ਗੁਰੂ ਘਰ ਦੀ ਮਰਿਆਦਾ ਨੂੰ ਕਾਇਮ ਰੱਖਦੇ ਹੋਏ ਬੜੇ ਹੀ ਆਦਰ ਸਤਿਕਾਰ ਅਤੇ ਸੁਚੱਜੇ ਢੰਗ ਨਾਲ ਗੁਰਦੁਆਰਾ ਸਾਹਿਬ ਦੇ ਨਵੇਂ ਪ੍ਰਧਾਨ ਦੀ ਚੋਣ ਕਰਵਾਏ। ਜਿਸਨੂੰ ਵੀ ਗੁਰੂ ਮਹਾਰਾਜ ਆਪਣੇ ਘਰ ਦੀ ਸੇਵਾ ਬਖਸ਼ਿਸ਼ ਕਰਨਗੇ, ਉਹ ਆਪਣੀ ਨਵੀਂ ਕਮੇਟੀ ਨਾਲ ਗੁਰੂ ਘਰ ਦੀ ਬੇਹਤਰੀ ਲਈ ਕੰਮ ਕਰੇਗਾ ਕਿਓਂਕਿ ਸਾਰੇ ਕਾਰਜ ਉਸ ਅਕਾਲਪੁਰਖ ਵਾਹਿਗੁਰੂ ਜੀ ਨੇ ਆਪ ਅੰਗ ਸੰਗ ਸਹਾਈ ਹੋ ਕੇ ਕਰਵਾਉਣੇ ਨੇ, ਸਾਨੂੰ ਕਿਸੇ ਨੂੰ ਵੀ ਟੈਨਸ਼ਨ ਲੈਣ ਦੀ ਕੋਈ ਲੋੜ ਨਹੀਂ।