* ਨਸਲੀ ਆਧਾਰ ‘ਤੇ ਘਟਨਾ ਵਾਪਰਨ ਦਾ ਸੰਦੇਹ।
ਸੈਕਰਾਮੈਂਟੋ (ਹੁਸਨ ਲੜੋਆ ਬੰਗਾ) – ਨਿਊਯਾਰਕ ਨੇੜੇ ਸੁਪਰ ਮਾਰਕੀਟ ਵਿਚ ਇਕ ਅਣਪਛਾਤੇ ਬੰਦੂਕਧਾਰੀ ਨੇ ਅਨੇਵਾਹ ਗੋਲੀਆਂ ਚਲਾ ਕੇ 10 ਵਿਅਕਤੀਆਂ ਦੀ ਹੱਤਿਆ ਕਰ ਦਿੱਤੀ। ਗੋਲੀਆਂ ਚੱਲਣ ਦੀ ਇਹ ਘਟਨਾ ਪੱਛਮੀ ਨਿਊਯਾਰਕ ਦੇ ਸ਼ਹਿਰ ਬੁਫੈਲੋ ਦੇ ਭੀੜ ਭੜਕੇ ਵਾਲੇ ਨੀਮ ਸ਼ਹਿਰੀ ਖੇਤਰ ਵਿਚ ਸਥਿੱਤ ਟਾਪਸ ਫਰੈਂਡਲੀ ਮਾਰਕਿਟ ਵਿਚ ਵਾਪਰੀ। ਪੁਲਿਸ ਨੇ ਕਿਹਾ ਹੈ ਕਿ ਕੱਥਿਤ ਦੋਸ਼ੀ ਬੰਦੂਕਧਾਰੀ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। ਦੋ ਲਾਅ ਇਨਫੋਰਸਮੈਂਟ ਅਧਿਕਾਰੀਆਂ ਨੇ ਆਪਣਾ ਨਾਂ ਗੁਪਤ ਰੱਖਣ ਦੀ ਸ਼ਰਤ ‘ਤੇ ਦਸਿਆ ਕਿ ਮੁੱਢਲੀਆਂ ਰਿਪੋਰਟਾਂ ਵਿਚ ਦਸਿਆ ਗਿਆ ਹੈ ਕਿ ਘਟਨਾ ਵਿਚ ਘੱਟੋ ਘੱਟ 10 ਵਿਅਕਤੀ ਮਾਰੇ ਗਏ ਹਨ ਤੇ ਕੁਝ ਲੋਕ ਜ਼ਖਮੀ ਵੀ ਹੋਏ ਹਨ। ਉਨਾਂ ਦੱਸਿਆ ਕਿ ਘਟਨਾ ਦੇ ਵੇਰਵੇ ਦੀ ਉਡੀਕ ਕੀਤੀ ਜਾ ਰਹੀ ਹੈ। ਜ਼ਖਮੀਆਂ ਦੀ ਗਿਣਤੀ ਬਾਰੇ ਅਜੇ ਕੋਈ ਸਪਸ਼ਟ ਜਾਣਕਾਰੀ ਨਹੀਂ ਮਿਲੀ ਹੈ। ਘਟਨਾ ਦੀ ਜਾਂਚ ਅਜੇ ਮੁੱਢਲੇ ਪੱਧਰ ‘ਤੇ ਹੈ ਤੇ ਦੋਸ਼ੀ ਦਾ ਹੱਤਿਆਵਾਂ ਕਰਨ ਦਾ ਮਕਸਦੀ ਕੀ ਸੀ ਇਸ ਬਾਰੇ ਜਾਂਚ ਕੀਤੀ ਜਾ ਰਹੀ ਹੈ। ਕੀ ਉਸ ਦਾ ਮਕਸਦ ਨਸਲੀ ਸੀ? ਇਸ ਨਜ਼ਰੀਏ ਤੋਂ ਵੀ ਘਟਨਾ ਦੀ ਜਾਂਚ ਕੀਤੀ ਜਾ ਰਹੀ ਹੈ। ਮੌਕੇ ਦੇ ਗਵਾਹਾਂ ਅਨੁਸਾਰ ਉਹ ਜਦੋਂ ਪਾਰਕਿੰਗ ਖੇਤਰ ਵਿਚ ਸਨ ਤਾਂ ਉਨਾਂ ਨੇ ਕਥਿੱਤ ਦੋਸ਼ੀ ਨੂੰ ਵੇਖਿਆ ਸੀ। ਉਨਾਂ ਨੇ ਸੁਪਰ ਮਾਰਕਿਟ ਵੱਲ ਜਾਂਦਾ ਇਕ ‘ਵਾਈਟ’ ਨੌਜਵਾਨ ਵੇਖਿਆ ਜਿਸ ਦੀ ਉਮਰ 20 ਸਾਲ ਦੇ ਕਰੀਬ ਹੋਵੇਗੀ, ਤੇ ਉਸ ਨੇ ਫੌਜ ਵਰਗੀ ਵਰਦੀ ਤੇ ਕਾਲਾ ਹੈਲਮੈੱਟ ਪਾਇਆ ਹੋਇਆ ਸੀ। ਉਸ ਦੇ ਹੱਥ ਵਿਚ ਬੰਦੂਕ ਸੀ। ਇਥੇ ਜ਼ਿਕਰਯੋਗ ਹੈ ਕਿ ਸੁਪਰ ਮਾਰਕਿਟ ਦੇ ਆਸ ਪਾਸ ਜਿਆਦਾਤਰ ਸਿਆਹਫਾਮ ਲੋਕਾਂ ਦੀ ਵੱਸੋਂ ਹੈ।