ਵਾਸ਼ਿੰਗਟਨ ਡੀ.ਸੀ (ਰਾਜ ਗੋਗਨਾ) – ਬੀਤੇਂ ਦਿਨ ਭਾਰਤ ਦੀ ਫਾਈਨਾਂਸ ਮਨਿਸਟਰ ਨਿਰਮਲਾ ਸੀਤਾਰਮਨ ਇਨੀਂ ਦਿਨੀਂ ਸਰਕਾਰੀ ਦੌਰੇ ’ਤੇ ਅਮੈਰਿਕਾ ਵਿੱਚ ਹਨ। ਇਸ ਦੌਰਾਨ ਉਹਨਾਂ ਨੇ ਸਿੱਖਸ ਆਫ ਅਮੈਰਿਕਾ ਦੇ ਅਹੁਦੇਦਾਰਾਂ ਨਾਲ ਇਕ ਅਹਿਮ ਬੈਠਕ ਕੀਤੀ ਜਿਸ ਵਿਚ ਉੱਚ ਪੱਧਰੀ ਵਿਚਾਰਾਂ ਹੋਈਆਂ। ਸਿੱਖਸ ਆਫ ਅਮੈਰਿਕਾ ਦੇ ਵਫਦ ’ਚ ਚੇਅਰਮੈਨ ਜਸਦੀਪ ਸਿੰਘ ਜੱਸੀ ਦੀ ਅਗਵਾਈ ’ਚ ਪ੍ਰਧਾਨ ਕਮਲਜੀਤ ਸਿੰਘ ਸੋਨੀ, ਵਾਈਸ ਪ੍ਰਧਾਨ ਬਲਜਿੰਦਰ ਸਿੰਘ ਸ਼ੰਮੀ, ਡਾਇਰੈਕਟਰ ਗੁਰਵਿੰਦਰ ਸਿੰਘ ਸੇਠੀ, ਡਾਇਰੈਕਟਰ ਚਤਰ ਸਿੰਘ ਅਤੇ ਰਤਨ ਸਿੰਘ ਸ਼ਾਮਿਲ ਸਨ। ਇਸ ਮੌਕੇ ਚੇਅਰਮੈਨ ਜਸਦੀਪ ਸਿੰਘ ਜੱਸੀ ਨੇ ਜਿੱਥੇ ਅਮਰੀਕਾ ਵਿਚ ਭਾਰਤੀਆਂ ਦੀ ਤਰੱਕੀ ਬਾਰੇ ਨਿਰਮਲਾ ਸੀਤਾਰਮਨ ਨੂੰ ਜਾਣੂੰ ਕਰਵਾਇਆ ਉੱਥੇ ਉਹਨਾਂ ਮੰਗ ਕੀਤੀ ਕਿ ਕੇਂਦਰ ਸਰਕਾਰ ਪੰਜਾਬ ਦਾ ਸਾਰਾ ਕਰਜ਼ਾ ਮੁਆਫ਼ ਕਰੇ ਅਤੇ ਉਦਯੋਗਿਕ ਪੈਕੇਜ ਜਾਰੀ ਕਰੇ ਤਾਂ ਜੋ ਪੰਜਾਬ ਵਿਚ ਰੁਜ਼ਗਾਰ ਦੇ ਮੌਕੇ ਵਧ ਸਕਣ।
ਉਨਾਂ ਕਿਹਾ ਕਿ ਪੰਜਾਬ ਦਾ ਨੌਜਵਾਨ ਅੱਜ ਰੁਜ਼ਗਾਰ ਦੀ ਭਾਲ ਵਿਚ ਬਹੁਤ ਤੇਜ਼ੀ ਨਾਲ ਪੱਛਮੀਂ ਮੁਲਕਾਂ ਜਾਂ ਹੋਰ ਵਿਕਸਤ ਦੇਸ਼ਾਂ ਵੱਲ ਜਾ ਰਿਹਾ ਹੈ ਜਿਸਨੂੰ ਰੋਕਣਾ ਕੇਂਦਰ ਸਰਕਾਰ ਦਾ ਫਰਜ਼ ਹੈ। ਪੰਜਾਬ ਵਿਚ ਉਦਯੋਗ ਨੂੰ ਉਤਸ਼ਾਹਿਤ ਕਰਨ ਲਈ ਕੇਂਦਰ ਸਰਕਾਰ ਸਬਸਿਡੀਆਂ ਦਾ ਐਲਾਨ ਕਰੇ। ਇਸ ਮੌਕੇ ਸ੍ਰ. ਜਸਦੀਪ ਸਿੰਘ ਜੱਸੀ ਨੇ ਕਿਹਾ ਕਿ ਮੋਦੀ ਸਰਕਾਰ ਨੇ ਪਹਿਲਾਂ ਵੀ ਪੰਜਾਬ ਅਤੇ ਖਾਸਕਰ ਸਿੱਖਾਂ ਦੇ ਹਿਤ ਵਿਚ ਕਈ ਫੈਸਲੇ ਲਏ ਹਨ ਅਤੇ ਜੇਕਰ ਉਪਰੋਕਤ ਦੋਵੇਂ ਮੰਗਾਂ ਮੰਨੀਆਂ ਜਾਂਦੀਆਂ ਹਨ ਤਾਂ ਇਹ ਇਕ ਇਤਿਹਾਸਕ ਫੈਸਲਾ ਹੋਵੇਗਾ ਕਿਉਂਕਿ ਕਿਸੇ ਵੀ ਸਰਕਾਰ ਨੇ ਅੱਜ ਤੱਕ ਪੰਜਾਬ ਨੂੰ ਉਦਗੋਗਿਕ ਪੈਕੇਜ ਨਹੀਂ ਦਿੱਤਾ। ਲੰਬੀ ਚੱਲੀ ਵਾਰਤਾ ਦੌਰਾਨ ਨਿਰਮਲਾ ਸੀਤਾਰਮਨ ਨੇ ਜਸਦੀਪ ਸਿੰਘ ਜੱਸੀ ਵਲੋਂ ਉਠਾਈਆਂ ਗਈਆਂ ਦੋਵਾਂ ਮੰਗਾਂ ਨੂੰ ਧਿਆਨ ਨਾਲ ਸੁਣਿਆ ਅਤੇ ਇਹ ਮੰਗਾਂ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਤੱਕ ਪਹੁੰਚਾਉਣ ਦਾ ਵਾਅਦਾ ਕੀਤਾ। ਉਹਨਾਂ ਇਸ ਮੌਕੇ ਸਿੱਖਸ ਆਫ ਅਮੈਰਿਕਾ ਵਲੋਂ ਕੀਤੇ ਜਾ ਰਹੇ ਸਮਾਜ ਸੇਵੀ ਅਤੇ ਚੈਰਿਟੀ ਕਾਰਜਾਂ ਦੀ ਪ੍ਰਸ਼ੰਸਾ ਵੀ ਕੀਤੀ।