ਅਲਬਰਟਾ – ਹੈਲਥ ਕੈਨੇਡਾ ਦਾ ਕਹਿਣਾ ਹੈ ਕਿ ਸਰਕਾਰ ਨੂੰ ਨੋਵਾਵੈਕਸ (ਨੂਵਾਆਕਸੋਵਿਡ) ਕੋਵਿਡ-19 ਵੈਕਸੀਨ ਦੀ ਖੇਪ ਮਿਲਣੀ ਸ਼ੁਰੂ ਹੋ ਗਈ ਹੈ ਤੇ ਉਨ੍ਹਾਂ ਵੱਲੋਂ ਜਲਦ ਹੀ ਵੱਖ ਵੱਖ ਪ੍ਰੋਵਿੰਸਾਂ ਨੂੰ ਇਹ ਵੈਕਸੀਨ ਵੰਡੀ ਜਾਵੇਗੀ।
ਵੀਰਵਾਰ ਨੂੰ ਹੈਲਥ ਏਜੰਸੀ ਨੇ ਆਖਿਆ ਕਿ ਸਰਕਾਰ ਨੇ ਇਸ ਵੈਕਸੀਨ ਦੀਆਂ 3·2 ਮਿਲੀਅਨ ਡੋਜ਼ਾਂ ਸਕਿਓਰ ਕਰ ਲਈਆਂ ਹਨ। ਇਸ ਵੈਕਸੀਨ ਨੂੰ 17 ਫਰਵਰੀ, 2022 ਵਿੱਚ ਕੈਨੇਡਾ ਵਿੱਚ ਮਾਨਤਾ ਦਿੱਤੀ ਗਈ ਸੀ। ਇਸ ਸਮੇਂ ਇਹ 18 ਸਾਲ ਤੋਂ ਉੱਪਰ ਕਿਸੇ ਵੀ ਬਾਲਗ ਨੂੰ ਦਿੱਤੀ ਜਾ ਸਕਦੀ ਹੈ।2021 ਵਿੱਚ ਓਟਵਾ ਨੇ ਨੋਵਾਵੈਕਸ ਵੈਕਸੀਨ ਕੈਨੇਡਾ ਵਿੱਚ ਤਿਆਰ ਕਰਨ ਲਈ ਡੀਲ ਉੱਤੇ ਸਾਈਨ ਕੀਤੇ ਸਨ ਤੇ ਇਸ ਸਬੰਧ ਵਿੱਚ ਮਾਂਟਰੀਅਲ ਵਿੱਚ ਇੱਕ ਮੈਨੂਫੈਕਚਰਿੰਗ ਪਲਾਂਟ ਵੀ ਲਾਇਆ ਗਿਆ ਸੀ।
ਹੈਲਥ ਕੈਨੇਡਾ ਨੇ ਆਖਿਆ ਕਿ ਨੋਵਾਵੈਕਸ ਵੈਕਸੀਨ ਅਜਿਹੇ ਲੋਕਾਂ ਲਈ ਤਿਆਰ ਕੀਤੀ ਗਈ ਹੈ ਜਿਹੜੇ ਪ੍ਰੋਟੀਨ ਅਧਾਰਿਤ ਵੈਕਸੀਨ ਲੈਣਾ ਚਾਹੁੰਦੇ ਹਨ ਜਾਂ ਜਿਹੜੇ ਐਮਆਰਐਨਏ ਵੈਕਸੀਨ ਹਾਸਲ ਕਰਨ ਤੋਂ ਅਸਮਰੱਥ ਹਨ। ਵੀਰਵਾਰ ਤੱਕ ਦੇਸ਼ ਵਿੱਚ ਨੋਵਾਵੈਕਸੀਨ ਦੀਆਂ ਇੱਕ ਮਿਲੀਅਨ ਡੋਜ਼ਾਂ ਵੰਡੀਆਂ ਜਾ ਚੁੱਕੀਆਂ ਸਨ।ਓਨਟਾਰੀਓ ਨੂੰ ਸੱਭ ਤੋਂ ਵੱਧ 383,000 ਡੋਜ਼ਾਂ, ਕਿਊਬਿਕ ਨੂੰ 221,100 ਤੇ ਬ੍ਰਿਟਿਸ਼ ਕੋਲੰਬੀਆ ਨੂੰ 135,800 ਡੋਜ਼ਾਂ ਹਾਸਲ ਹੋਈਆਂ।