ਪ੍ਰਧਾਨ ਮੰਤਰੀ ਸਕੌਟ ਮੌਰੀਸਨ ਨੇ ਭਾਰਤ-ਆਸਟਰੇਲੀਆ ਵਰਚੁਅਲ ਸੰਮੇਲਨ ਦੌਰਾਨ ਭਾਰਤ ਨਾਲ ਵੱਡੇ ਪੱਧਰ ’ਤੇ ਸਹਿਯੋਗ ਵਧਾਉਣ ਅਤੇ ਦੁਵੱਲੇ ਸਬੰਧਾਂ ਵਿੱਚ ਮਜ਼ਬੂਤੀ ਲਿਆਉਣ ਲਈ 28 ਕਰੋੜ (280 ਮਿਲੀਅਨ) ਡਾਲਰ ਦੇ ਨਿਵੇਸ਼ ਪੈਕਜ ਦਾ ਐਲਾਨ ਕੀਤਾ ਹੈ। ਮੌਰੀਸਨ ਨੇ ਕਿਹਾ, “ਦੋਹਾਂ ਮੁਲਕਾਂ ਨੇ ਰੱਖਿਆ, ਸਮੁੰਦਰੀ ਸਹਿਯੋਗ, ਵਿਗਿਆਨ, ਤਕਨਾਲੋਜੀ ਅਤੇ ਸਵੱਛ ਊਰਜਾ ਖ਼ੇਤਰਾਂ ਵਿੱਚ ਕਾਫ਼ੀ ਸਹਿਯੋਗ ਕੀਤਾ ਹੈ ਅਤੇ ਮਹਾਮਾਰੀ ਮਗਰੋਂ ਇਸ ਤੋਂ ਉਭਰਨ ਵਿੱਚ ਵੀ ਅਸੀਂ ਇਕੱਠੇ ਕੰਮ ਕਰਾਂਗੇ।’’ ਆਸਟਰੇਲੀਆ ਨੇ ਦੁਵੱਲੇ ਰਣਨੀਤਕ ਖੋਜ ਫੰਡ ਨੂੰ ਵਧਾਉਣ ਲਈ 1.72 ਕਰੋੜ (17.2 ਮਿਲੀਅਨ) ਡਾਲਰ, ਸਵੱਛ ਉਦਯੋਗ ਵਿਗਿਆਨ, ਖਣਿਜਾਂ, ਊਰਜਾ ਖੋਜ, ਉਤਪਾਦਨ ਅਤੇ ਵਪਾਰੀਕਰਨ ’ਤੇ ਸਹਿਯੋਗ ਲਈ 3.57 ਕਰੋੜ (35.7 ਮਿਲੀਅਨ) ਡਾਲਰ ਅਤੇ ਭਾਰਤ ਨਾਲ ਪੁਲਾੜ ਖੋਜ ਸਹਿਯੋਗ ਲਈ 2.52 ਕਰੋੜ (25.2 ਮਿਲੀਅਨ) ਡਾਲਰ ਨਿਵੇਸ਼ ਕਰਨ ਲਈ ਵੀ ਵਚਨਬੱਧਤਾ ਪ੍ਰਗਟਾਈ ਹੈ। ਦੋਵਾਂ ਦੇਸ਼ਾਂ ਦਰਮਿਆਨ ਵਿੱਦਿਅਕ, ਵਪਾਰ ਅਤੇ ਪੇਸ਼ੇਵਰ ਯੋਗਤਾਵਾਂ ਦੀ ਸਾਂਝੀ ਮਾਨਤਾ ਲਈ ਟਾਸਕ ਫੋਰਸ ਬਣਾਉਣ ਦਾ ਵੀ ਐਲਾਨ ਕੀਤਾ ਗਿਆ ਹੈ।