ਚੰਡੀਗੜ (ਪ੍ਰੀਤਮ ਲੁਧਿਆਣਵੀ), – ਗੁਰਦੁਆਰਾ ਪ੍ਰਬੰਧਕ ਕਮੇਟੀ ਰੋੜੀ ਸਾਹਿਬ ਪਿੰਡ ਪਾਹੜਾ ਦੇ ਹਰ ਸਾਲ ਦੀ ਤਰਾਂ ਸਲਾਨਾ ਮੇਲਾ ਕਰਵਾਇਆ ਗਿਆ ਜਿਸ ਵਿੱਚ ਗੁਰਮੇਜ ਸਿੰਘ ਐਮ ਏ ਦੇ ਢਾਡੀ ਜਥੇ ਨੇ ਸੰਗਤਾਂ ਨੂੰ ਇਤਿਹਾਸ ਨਾਲ ਜੋੜਿਆ ਤੇ ਢਾਡੀ ਵਾਰਾਂ ਨਾਲ ਸਰੋਤਿਆਂ ਨੂੰ ਕੀਲਿਆ। ਇੰਡੀਅਨ ਪੀਪਲ ਥਿਏਟਰ ਐਸੋਸੀਏਸ਼ਨ (ਇਪਟਾ) ਗੁਰਦਾਸਪੁਰ ਵਲੋਂ ਮਾਰਚ ਮਹੀਨੇ ਦੇ ਸ਼ਹੀਦਾਂ ਦੀ ਯਾਦ ਵਿੱਚ ਨਾਟਕਾਂ ਦਾ ਮੰਚਨ ਕੀਤਾ ਗਿਆ ਜਿਸ ਵਿੱਚ ਕੋਰੀਓਗ੍ਰਾਫੀ ਪ੍ਰਣਾਮ ਸ਼ਹੀਦਾਂ ਨੂੰ ਦੁਆਰਾ ਸ਼ਹੀਦਾਂ ਨੂੰ ਸ਼ਰਧਾਂਜਲੀ ਪੇਸ਼ ਕੀਤੀ ਗਈ ਤੇ ਸ਼ਹੀਦ ਭਗਤ ਸਿੰਘ ਦੀ ਜੀਵਨੀ ਤੇ ਆਧਾਰਿਤ ਗੁਰਸ਼ਰਨ ਸਿੰਘ ਉਰਫ ਭਾਈ ਮੰਨਾ ਸਿੰਘ ਜੀ ਦਾ ਲਿਖਿਆ ਤੇ ਇੰਦਰਜੀਤ ਸਿੰਘ ਰੂਪੋਵਾਲੀ ਦੀ ਨਿਰਦੇਸ਼ਨਾ ਹੇਠ ਲੋਕ ਕਲਾ ਮੰਚ ਆਰ ਸੀ ਐਫ ਕਪੂਰਥਲਾ ਦੀ ਟੀਮ ਨੇ ਨਾਟਕ ਇਨਕਲਾਬ ਜਿੰਦਾਬਾਦ ਬੜੀ ਸਫਲਤਾ ਪੂਰਵਕ ਖੇਡਿਆ ਜਿਸ ਨੇ ਦਰਸ਼ਕਾਂ ਨੂੰ ਸ਼ਹੀਦਾਂ ਦੇ ਇਤਿਹਾਸ ਤੋਂ ਜਾਣੂ ਕਰਵਾਇਆ ਤੇ ਨਾਲ ਹੀ ਸਮਾਜਿਕ ਤਬਦੀਲੀ ਦੀ ਪ੍ਰੇਰਨਾ ਦਿੱਤੀ। ਇਲਾਕੇ ਦੀਆਂ ਸੰਗਤਾਂ ਨੇ ਇਸ ਪ੍ਰੋਗਰਾਮ ਦੀ ਬਹੁਤ ਪ੍ਰਸੰਸਾ ਕੀਤੀ। ਇਸ ਮੌਕੇ ’ਤੇ ਜੀ ਐਸ ਪਾਹੜਾ, ਪ੍ਰਧਾਨ ਇਪਟਾ ਨੇ ਸਟੇਜ ਸਕੱਤਰ ਦੀ ਭੂਮਿਕਾ ਬਾਖੂਬੀ ਨਿਭਾਈ। ਇਸ ਮੌਕੇ ’ਤੇ ਸੁਲੱਖਣ ਸਿੰਘ, ਸੁਰਜੀਤ ਸਿੰਘ, ਬੂਟਾ ਰਾਮ ਆਜਾਦ, ਗੁਰਮੀਤ ਸਿੰਘ ਪਾਹੜਾ, ਰਛਪਾਲ ਸਿੰਘ ਘੁੰਮਣ, ਡਾਕਟਰ ਰਜਵਿੰਦਰ ਕੌਰ ਨਾਗਰਾ, ਸੁਖਜਿੰਦਰ ਸਿੰਘ, ਹੀਰਾ ਸਿੰਘ ਸੈਨਪੁਰ, ਮੰਗਲਦੀਪ, ਯੁੱਧਵੀਰ ਸਿੰਘ ਸੌਰੀਆ ਚੱਕਰ ਪ੍ਰਾਪਤ, ਕੇਵਲ ਰਾਜ, ਪਰਸ਼ੋਤਮ ਲਾਲ ਤੇ ਹਰਪਾਲ ਸਿੰਘ ਨਾਗਰਾ ਆਦਿ ਹਾਜਰ ਸਨ। ਇਸ ਮੌਕੇ ਤੇ ਭਾਸ਼ਾ ਵਿਭਾਗ ਗੁਰਦਾਸਪੁਰ ਵਲੋਂ ਧਾਰਮਿਕ ਤੇ ਸਮਾਜਿਕ ਪੁਸਤਕਾਂ ਦੀ ਪ੍ਰਦਰਸ਼ਨੀ ਵੀ ਲਗਾਈ ਗਈ ਤੇ ਗੁਰੂ ਦਾ ਲੰਗਰ ਅਤੁੱਟ ਵਰਤਾਇਆ ਗਿਆ।