ਚੰਡੀਗੜ (ਪ੍ਰੀਤਮ ਲੁਧਿਆਣਵੀ)- ਉੱਘੇ ਗਾਇਕ ਤੇ ਪ੍ਰੋਫੈਸਰ ਡਾ ਜਸਪਾਲ ਜੱਸੀ ਨੇ ਨਿਵੇਕਲੇ ਤਰੀਕੇ ਨਾਲ ਰੰਗਾਂ ਦਾ ਤਿਓਹਾਰ ਹੋਲੀ ਮਨਾਈ। ਜੱਸੀ ਨੇ ਪ੍ਰਭ ਆਸਰਾ ਪਡਿਆਲਾ ਕੁਰਾਲੀ ਵਿਖੇ ਪਹੁੰਚ ਕੇ ਆਸਰਾ ਵਿਖੇ ਰਹਿ ਰਹੇ ਲਾਵਾਰਸ ਬੱਚਿਆਂ, ਬਜੁਰਗਾਂ ਤੇ ਔਰਤਾਂ ਨਾਲ ਮਿਲ ਕੇ ਹੋਲੀ ਦੇ ਰੰਗ ਵਿਖੇਰੇ। ਜੱਸੀ ਨੇ ਬੱਚਿਆਂ ਤੇ ਬਜੁਰਗ ਔਰਤਾਂ ਨਾਲ ਨੱਚ ਗਾ ਕੇ ਹੋਲੀ ਦੇ ਰੰਗਾਂ ਨੂੰ ਮਾਣਿਆ। ਇਸ ਮੌਕੇ ਬੱਚਿਆਂ ਨੂੰ ਨਮਕੀਨ ਦੇ ਪੈਕਟ, ਦੁੱਧ ਦੇ ਪੈਕਟ ਤੇ ਬਿਸਕੁਟਾਂ ਦੇ ਪੈਕਟ ਵੀ ਦਿੱਤੇ। ਜੱਸੀ ਨੇ ਗੱਲਬਾਤ ਕਰਦਿਆਂ ਕਿਹਾ ਕਿ ਇਨਾ ਲਾਵਾਰਸ ਤੇ ਮੰਦਬੁੱਧੀ ਬੱਚਿਆਂ, ਬਜੁਰਗਾਂ ਤੇ ਔਰਤਾਂ ਦਾ ਸਮਾਜ ਨੂੰ ਖਾਸ ਧਿਆਨ ਰੱਖਣਾ ਚਾਹੀਦਾ ਹੈ, ਇਹ ਸਮਾਜ ਤੇ ਮਨੁੱਖਤਾ ਦੀ ਵੱਡੀ ਸੇਵਾ ਹੈ। ਉਨਾਂ ਨੇ ਪ੍ਰਭ ਆਸਰਾ ਦੇ ਸੰਸਥਾਪਕ ਸ ਸ਼ਮਸ਼ੇਰ ਸਿੰਘ ਤੇ ਬੀਬੀ ਰਾਜਿੰਦਰ ਕੌਰ ਦੀਆਂ ਸੇਵਾਵਾਂ ਦੀ ਸ਼ਲਾਘਾ ਕੀਤੀ ਤੇ ਉਨਾ ਨੂੰ ਇਸ ਮਹਾਨ ਕਾਰਜ ਦੀ ਵਧਾਈ ਵੀ ਦਿੱਤੀ।
ਇਸ ਮੌਕੇ ਰਿਆਤ ਬਾਹਰਾ ਦੇ ਸਕੂਲ ਆਫ ਲਾਅ ਦੇ ਵਿਦਿਆਰਥੀਆਂ ਅਤੇ ਪ੍ਰਭ ਆਸਰਾ ਦੇ ਬੱਚਿਆਂ ਤੇ ਔਰਤਾਂ ਵੱਲੋਂ ਖੂਬਸੂਰਤ ਰੰਗਾ-ਰੰਗ ਪ੍ਰੋਗਰਾਮ ਕੀਤਾ ਗਿਆ ਜਿਸ ਵਿੱਚ ਗੀਤ, ਸਕਿੱਟਾਂ ਤੇ ਵਿਚਾਰ ਵੀ ਪੇਸ਼ ਕੀਤੇ। ਇਸ ਮੌਕੇ ਜੱਸੀ ਨੇ ਸਮੂਹ ਹਾਜਰੀਨ ਨੂੰ ਸੰਬੋਧਨ ਕਰਦਿਆਂ ਹੋਲੀ ਦੀ ਪ੍ਰੰਪਰਾ ’ਤੇ ਵੀ ਆਪਣੇ ਵਿਚਾਰ ਸਾਂਝੇ ਕੀਤੇ ਜਿਨਾਂ ਦੀ ਹਾਜ਼ਰੀਨ ਵੱਲੋਂ ਭਰਪੂਰ ਪ੍ਰਸੰਸਾ ਕੀਤੀ ਗਈ। ਪ੍ਰਭ ਆਸਰਾ ਦੇ ਸੰਸਥਾਪਕ ਸ ਸ਼ਮਸ਼ੇਰ ਸਿੰਘ ਤੇ ਬੀਬੀ ਰਜਿੰਦਰ ਕੌਰ ਨੇ ਵੀ ਬੱਚਿਆਂ ਨੂੰ ਸੰਬੋਧਨ ਕੀਤਾ। ਇਸ ਮੌਕੇ ਲਾਅ ਵਿਭਾਗ ਦੇ ਸਮੂਹ ਪ੍ਰੋਫੈਸਰ ਵੀ ਮੌਜੂਦ ਸਨ।