ਨਕੋਦਰ ਮਹਿਤਪੁਰ (ਹਰਜਿੰਦਰ ਪਾਲ ਛਾਬੜਾ)- ਅਮੋਲਕ ਸਿੰਘ ਗਾਖਲ, ਗਾਖਲ ਗਰੁੱਪ ਅਤੇ ਗਾਖਲ ਪਰਿਵਾਰ ਵਲੋਂ ਕਬੱਡੀ ਦੇ ਸੁਪਰਸਟਾਰ ਸੰਦੀਪ ਨੰਗਲ ਅੰਬੀਆਂ ਦੇ ਕਤਲ ਦੀ ਸਖਤ ਸ਼ਬਦਾਂ `ਚ ਨਿੰਦਾ ਕੀਤੀ ਗਈ ਹੈ। ਉਹ ਐੱਨ.ਆਰ.ਆਈ ਹੋਣ ਦੇ ਬਾਵਜੂਦ ਵੀ ਹਰ ਸਾਲ ਪੰਜਾਬ ਆ ਕੇ ਪੰਜਾਬ ਦੀ ਨੌਜਵਾਨੀ ਨੂੰ ਨਸ਼ਿਆਂ ਤੋਂ ਬਚਾਉਣ ਅਤੇ ਖੇਡਾਂ ਵਾਲੇ ਪਾਸੇ ਲਾਉਣ ਲਈ ਵੱਡਾ ਯੋਗਦਾਨ ਪਾਉਂਦਾ ਸੀ। ਇਹ ਹਮਲਾ ਐੱਨ.ਆਰ.ਆਈ ਭਰਾਵਾਂ ਉੱਤੇ ਹੋਇਆ ਹੈ। ਉਹਨਾਂ ਕਿਹਾ ਮੇਰੀ ਪੰਜਾਬ ਸਰਕਾਰ ਦੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਬੇਨਤੀ ਹੈ ਕਿ ਇਸ ਹਮਲੇ ਦੀ ਬਰੀਕੀ ਨਾਲ ਉੱਚ ਪੱਧਰੀ ਜਾਂਚ ਕਰਕੇ ਦੋਸ਼ੀਆਂ ਨੂੰ ਫਾਂਸੀ `ਤੇ ਲਟਕਾਇਆ ਜਾਵੇ। ਉਨਾਂ੍ਹ ਕਿਹਾ ਕਿ ਸੰਦੀਪ ਨੰਗਲ ਅੰਬੀਆਂ ਮੇਰੇ ਬੱਚਿਆਂ ਵਰਗਾ ਸੀ ਤੇ ਉਸਦੇ ਤੁਰ ਜਾਣ ਨਾਲ ਮੈਨੂੰ ਅਤੇ ਕਬੱਡੀ ਜਗਤ ਨੂੰ ਬਹੁਤ ਵੱਡਾ ਧੱਕਾ ਲੱਗਾ ਹੈ। ਸੰਦੀਪ ਨੰਗਲ ਅੰਬੀਆਂ ਦੀ ਮੌਤ ਨਾਲ ਕਬੱਡੀ ਜਗਤ ਵਿਚ ਦਹਿਸ਼ਤ ਪੈਦਾ ਹੋ ਜਾਵੇਗੀ ਅਤੇ ਨਵੇਂ ਖਿਡਾਰੀ ਕਬੱਡੀ ਖੇਡਣ ਤੋਂ ਡਰਨਗੇ। ਸਰਕਾਰ ਨੂੰ ਬੇਨਤੀ ਹੈ ਕਿ ਬਹੁਤ ਛੇਤੀਂ ਹੀ ਦੋਸ਼ੀਆਂ ਨੂੰ ਫਾਂਸੀ `ਤੇ ਲਟਕਾਇਆ ਜਾਵੇ ਜਿਸ ਨਾਲ ਐੱਨ.ਆਰ.ਆਈਜ਼ ਅਤੇ ਖਿਡਾਰੀਆਂ ਨੂੰ ਪੰਜਾਬ ਆਉਣ ਤੋਂ ਡਰ ਨਾਲ ਲੱਗੇ। ਨਹੀਂ ਤਾਂ ਆਉਣ ਵਾਲੇ ਦਿਨਾਂ ਵਿਚ ਐੱਨ.ਆਰ.ਆਈਜ਼ ਪੰਜਾਬ ਵਿਚ ਕਬੱਡੀ ਖੇਡ ਮੇਲੇ ਕਰਵਾਉਣੇ ਬੰਦ ਕਰ ਦੇਣਗੇ। ਅਮੋਲਕ ਸਿੰਘ ਗਾਖਲ ਨੇ ਕਿਹਾ ਕਿ ਭਗਵੰਤ ਮਾਨ ਜੀ ਇਸ ਘਟਨਾ ਤੇ ਜਲਦੀ ਤੋਂ ਜਲਦੀ ਐਕਸ਼ਨ ਲਓ।