NSW ਸਰਕਾਰ ਅਗਲੇ ਸਾਲ ਪ੍ਰਾਈਵੇਟ IVF ਇਲਾਜ ਕਰਵਾ ਰਹੀਆਂ ਔਰਤਾਂ ਲਈ ਨਗਦ ਛੋਟ ਦੀ ਪੇਸ਼ਕਸ਼ ਕਰਨ ਵਾਲੀ ਹੈ। $2000 ਤਕ ਦੀ ਛੋਟ 12000 ਲੋਕਾਂ ਨੂੰ ਮਿਲ ਸਕੇਗੀ। NSW ਦੇ ਵਿੱਤ ਸਕੱਤਰ ਮੈਟ ਕੀਨ ਨੇ ਕਿਹਾ ਹੈ ਕਿ $80 ਮਿਲੀਅਨ ਦੇ ਬਜਟ ਪੈਕੇਜ ਦਾ ਮਕਸਦ ਬੱਚੇ ਪੈਦਾ ਕਰਨ ਦੇ ਸੁਪਨੇ ਪੂਰਾ ਕਰਨ ਵਿਚ ਮਦਦ ਕਰਨਾ ਹੈ। ਕੀਨ ਨੇ ਕਿਹਾ ਹੈ ਕਿ ਕਿਸੇ ਨੂੰ ਵੀ ਆਪਣੇ ਘਰੇਲੂ ਬਜਟ ਨੂੰ ਕਾਇਮ ਰੱਖਦਿਆਂ ਤਕਲੀਫ਼ਾਂ ਦਾ ਸਾਹਮਣਾ ਨਹੀਂ ਕਰਨਾ ਪਵੇਗਾ।
ਹਰ 6 ਵਿੱਚੋਂ ਇਕ ਜੋੜੇ ਨੂੰ ਜਣੇਪਾ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਇਹ ਪ੍ਰਕਿਰਿਆ ਜਜ਼ਬਾਤੀ ਤੇ ਵਿੱਤੀ ਤੌਰ ‘ਤੇ ਖਰਚੀਲੀ ਹੋ ਸਕਦੀ ਹੈ। ਔਰਤਾਂ ਦੇ ਮਾਮਲਿਆਂ ਦੀ ਮੰਤਰੀ ਬ੍ਰੌਨੀ ਟੇਲਰ ਦਾ ਕਹਿਣਾ ਹੈ ਕਿ ਜਣੇਪੇ ਦੀਆਂ ਚੁਣੌਤੀਆਂ ਤਣਾਅਪੂਰਨ ਤੇ ਦਿਲ ਦਹਿਲਾਉਣ ਵਾਲੀਆਂ ਹੋ ਸਕਦੀਆਂ ਹਨ। ਇਲਾਜ ਦੀ ਲਾਗਤ ਨੂੰ ਘਟਾ ਕੇ ਅਸੀਂ, ਔਰਤਾਂ ਦੀ ਮਦਦ ਕਰ ਸਕਦੇ ਹਾਂ। ਜਣੇਪਾ ਪੈਕੇਜ ਸੂਬੇ ਵਿਚ ਅਧਿਆਪਕਾਂ, ਨਰਸਾਂ ਤੇ ਹੋਰ ਜਨਤਕ ਸੇਵਕਾਂ ਲਈ 5 ਦਿਨਾਂ ਦੀ ਅਦਾਇਗੀ ਇਲਾਜ ਛੁੱਟੀ ਵੀ ਮੁਹਈਆ ਕਰੇਗਾ।
$2000 ਦੀ ਛੋਟ ਅਗਲੇ ਸਾਲ ਪਹਿਲੀ ਜਨਵਰੀ ਨੂੰ ਖੁੱਲ੍ਹੇਗੀ, ਹਾਲਾਂਕਿ ਪਹਿਲੀ ਅਕਤੂਬਰ 2022 ਤੋਂ ਇਲਾਜ ਕਰਵਾਉਣ ਵਾਲੀਆਂ ਔਰਤਾਂ ਦਾਅਵਾ ਪੇਸ਼ ਕਰਨ ਦੇ ਕਾਬਿਲ ਹੋਣਗੀਆਂ। ਮੁਲਕ ਦੀ ਹਕੂਮਤ, ਭਵਿੱਖ ਵਿਚ ਅਰਜ਼ੀਆਂ ਨੂੰ 12000 ਤੋਂ ਵਧਾਉਣ ‘ਤੇ ਵਿਚਾਰ ਕਰੇਗੀ।