ਸੈਕਰਾਮੈਂਟੋ (ਹੁਸਨ ਲੜੋਆ ਬੰਗਾ)- ਓਕਲਾਹੋਮਾ ਯੁਨੀਵਰਸਿਟੀ ਦੇ ਮੈਟੋਰਾਲੋਜੀ ਦੇ 3 ਵਿਦਿਆਰਥੀਆਂ ਦੀ ਇਕ ਸੜਕ ਹਾਦਸੇ ਵਿਚ ਮੌਤ ਹੋ ਗਈ। ਤਿੰਨਾਂ ਦੋਸਤਾਂ ਨਾਲ ਇਹ ਹਾਦਸਾ ਕਨਸਾਸ ਵਿਚ ਉਸ ਵੇਲੇ ਵਾਪਰਿਆ ਜਦੋਂ ਉਹ ਨਾਰਮੈਨ, ?ਕਲਾਹੋਮਾ ਤੋਂ ਵਾਪਿਸ ਪਰਤ ਰਹੇ ਸਨ। ਵਿਦਿਆਰਥੀਆਂ ਦੀ ਕਾਰ ਇਕ ਸੈਮੀ ਟਰੱਕ ਨਾਲ ਟਕਰਾਅ ਗਈ। ਮ੍ਰਿਤਕਾਂ ਦੀ ਪਛਾਣ ਡੈਨਟਾਨ, ਟੈਕਸਾਸ ਵਾਸੀ ਨਿਕੋਲਸ ਨਾਇਰ (20), ਗਰੇਅਸਲੇਕ,ਇਲੀਨੋਇਸ ਵਾਸੀ ਗੈਵਿਨ ਸ਼ਾਰਟ (19), ਤੇ ਈਵਾਨਸਵਿਲੇ,ਇੰਡਿਆਨਾ ਵਾਸੀ ਡਰੇਕ ਬਰੁੱਕਸ (22) ਵਜੋਂ ਹੋਈ ਹੈ। ਤਿੰਨਾਂ ਨੂੰ ਮੌਕੇ ਉਪਰ ਹੀ ਮ੍ਰਿਤਕ ਐਲਾਨ ਦਿੱਤਾ ਗਿਆ ਜਦ ਕਿ ਸੈਮੀ ਟਰੱਕ ਦੇ ਡਰਾਈਵਰ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ ਹੈ। ਮਿਲੀ ਜਾਣਕਾਰੀ ਅਨੁਸਾਰ ਵਿਦਿਆਰਥੀਆਂ ਦੀ ਕਾਰ ਸੱਜੇ ਪਾਸੇ ਸੜਕ ਤੋਂ ਉਤਰ ਗਈ ਤੇ ਫਿਰ ਸੜਕ ਉਪਰ ਚੜਕੇ ਸੈਮੀ ਟਰੱਕ ਨਾਲ ਟੱਕਰਾਅ ਗਈ। ਟੋਨਕਾਵਾ ਅੱਗ ਬੁਝਾਊ ਵਿਭਾਗ ਦੇ ਅਧਿਕਾਰੀਆਂ ਨੇ ਦੱਸਿਆ ਕਿ ਤਿੰਨਾਂ ਵਿਦਿਆਰਥੀਆਂ ਦੀਆਂ ਲਾਸ਼ਾਂ ਨੂੰ ਸਾਢੇ 5 ਘੰਟੇ ਦੀ ਮੁਸ਼ੱਕਤ ਤੋਂ ਬਾਅਦ ਮਲਬੇ ਵਿਚੋਂ ਕੱਢਿਆ ਗਿਆ। ਮੌਤ ਤੋਂ 3 ਘੰਟੇ ਪਹਿਲਾਂ ਉਨਾਂ ਦਾ ਸਾਹਮਣਾ ਇਕ ਤੂਫਾਨ ਨਾਲ ਹੋਇਆ ਜਿਸ ਸਬੰਧੀ ਤਸਵੀਰਾਂ ਉਨਾਂ ਨੇ ਟਵਿਟਰ ਉਪਰ ਸਾਂਝੀਆਂ ਕੀਤੀਆਂ ਸਨ। ਜਿਉਂ ਹੀ ਤਿੰਨਾਂ ਵਿਦਿਆਰਥੀਆਂ ਦੀ ਮੌਤ ਦੀ ਖ਼ਬਰ ਯੁਨੀਵਰਸਿਟੀ ਪੁੱਜੀ ਤਾਂ ਉਥੇ ਸੋਗ ਦੀ ਲਹਿਰ ਫੈਲ ਗਈ। ਉਨਾਂ ਦੇ ਸਾਥੀਆਂ ਅਨੁਸਾਰ ਤਿੰਨੋ ਵਿਦਿਆਰਥੀ ਬਹੁਤ ਹੀ ਮਿਲਾਪੜੇ ਸੁਭਾਅ ਦੇ ਸਨ ਤੇ ਉਹ ਹਮੇਸ਼ਾਂ ਆਪਣੇ ਸਾਥੀ ਵਿਦਿਆਰਥੀਆਂ ਦੀ ਮੱਦਦ ਕਰਨ ਲਈ ਤਿਆਰ ਰਹਿੰਦੇ ਸਨ।