ਲੁਧਿਆਣਾ – ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਦੇ ਅਦਾਰੇ ਭਾਈ ਸਮੁੰਦ ਸਿੰਘ ਗੁਰਮਤਿ ਸੰਗੀਤ ਇੰਸਟੀਚਿਊਟ ਵਲੋਂ ਅੱਜ ਇਥੇ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ, ਮਾਡਲ ਟਾਊਨ ਐਕਸਟੈਨਸ਼ਨ ਦੀ ਪ੍ਰਬੰਧਕ ਕਮੇਟੀ ਦੇ ਸਹਿਯੋਗ ਨਾਲ ਹਰ ਸਾਲ ਦੀ ਤਰ੍ਹਾਂ ਬਸੰਤ ਰੁੱਤ ਨੂੰ ਸਮਰਪਿਤ ਨੌਬਹਾਰ ਆਮਦ ਬਸੰਤ ਰਾਗ ਕੀਰਤਨ ਦਰਬਾਰ ਦਾ ਆਯੋਜਨ ਕੀਤਾ ਗਿਆ।
ਇਸ ਮੌਕੇ ਵੱਖ ਵੱਖ ਕੀਰਤਨੀ ਜੱਥਿਆਂ ਅਤੇ ਨੌਜਵਾਨ ਬੱਚੇ ਬੱਚੀਆਂ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਦਰਜ਼ ਬਸੰਤ ਰਾਗ ‘ਤੇ ਅਧਾਰਤ ਸ਼ਬਦਾਂ ਦਾ ਗਾਇਣ ਕਰਕੇ ਸੰਗਤਾਂ ਨੂੰ ਮੰਤਰ ਮੁਗਧ ਕਰ ਦਿੱਤਾ। ਇਨ੍ਹਾਂ ਵਿੱਚ ਸੰਗੀਤ ਅਧਿਆਪਕਾ ਗੁਰਪ੍ਰੀਤ ਕੌਰ, ਬਲਜੀਤ ਕੌਰ, ਮਾਸਟਰ ਗੁਰਨਾਮ ਸਿੰਘ ਤੋਂ ਇਲਾਵਾ ਭਾਈ ਸਮੁੰਦ ਸਿੰਘ ਗੁਰਮਤਿ ਸੰਗੀਤ ਇੰਸਟੀਚਿਊਟ, ਸਵਰ ਗਿਆਨ ਅਕੈਡਮੀ ਅਤੇ ਇਸ਼ਮੀਤ ਸਿੰਘ ਮਿਉਜ਼ਿਕ ਇੰਸਟੀਚਿਊਟ ਦੇ ਵਿਦਿਆਰਥੀਆਂ ਨੇ ਵਿਭਿੰਨ ਰੰਗਾਂ ਵਿੱਚ ਸ਼ਬਦਾਂ ਦਾ ਗਾਇਨ ਕੀਤਾ। ਇਸ ਸਮੇਂ ਉਚੇਚੇ ਤੌਰ ‘ਤੇ ਸ੍ਰੀ ਦਰਬਾਰ ਸਾਹਿਬ ਸ੍ਰੀ ਅੰਮ੍ਰਿਤਸਰ ਦੇ ਹਜ਼ੂਰੀ ਰਾਗੀ ਭਾਈ ਸੁਖਜਿੰਦਰ ਸਿੰਘ ਅਤੇ ਬਾਬਾ ਸੁੱਚਾ ਸਿੰਘ ਗੁਰਮਤਿ ਸੰਗੀਤ ਅਕੈਡਮੀ ਜੰਡਿਆਲਾ ਗੁਰੂ ਦੇ ਉਸਤਾਦ ਪ੍ਰਿੰਸੀਪਲ ਸੁਖਵੰਤ ਸਿੰਘ ਅਤੇ ਉਨ੍ਹਾਂ ਦੇ ਵਿਦਿਆਰਥੀਆਂ ਵਲੋਂ ਤੰਤੀ ਸਾਜ਼ਾਂ ਰਬਾਬ, ਦਿਲਰੁਬਾ, ਤਾਊਸ ਅਤੇ ਸਰੰਦੇ ਦੀ ਸੰਗਤ ਨਾਲ ਬਸੰਤ ਰਾਗ ਦਾ ਗਾਇਣ ਕੀਤਾ ਗਿਆ।
ਇਸ ਸਮੇਂ ਉਚੇਚੇ ਤੌਰ ‘ਤੇ ਪੁੱਜੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਆਨਰੇਰੀ ਸਕੱਤਰ ਗੁਰਮੀਤ ਸਿੰਘ ਨੇ ਮੌਜੂਦਾ ਸਮੇਂ ਦੀ ਨੌਜਵਾਨ ਪੀੜ੍ਹੀ ਨੂੰ ਗੁਰਮਤਿ ਸੰਗੀਤ ਕਲਾ ਤੇ ਨਿਰਧਾਰਤ ਰਾਗਾਂ ਵਿੱਚ ਗੁਰਬਾਣੀ ਗਾਇਣ ਕਰਨ ਦੀ ਰਵਾਇਤੀ ਪ੍ਰੰਪਰਾ ਨਾਲ ਜੋੜਣ ਲਈ ਭਾਈ ਸਮੁੰਦ ਸਿੰਘ ਗੁਰਮਤਿ ਸੰਗੀਤ ਇੰਸਟੀਚਿਊਟ ਨੂੰ ਵਧਾਈ ਦਿੱਤੀ। ਉਨ੍ਹਾਂ ਕਿਹਾ ਕਿ ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਵਲੋਂ ਗੋਲਡਨ ਜੁਬਲੀ ਵਰ੍ਹੇ ਨੂੰ ਸਮਰਪਿਤ ਬਸੰਤ ਰਾਗ ਕੀਰਤਨ ਦਰਬਾਰ ਰਾਗਾਂ ਵਿੱਚ ਕੀਰਤਨ ਕਰਨ ਦੀ ਸ਼ੈਲੀ ਨੂੰ ਹੋਰ ਉਤਸ਼ਾਹਿਤ ਕਰੇਗਾ। ਪ੍ਰਸਿੱਧ ਵਿਦਵਾਨ ਡਾ. ਸਰਬਜੀਤ ਸਿੰਘ ਰੇਣੁਕਾ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਨੇ ਬਸੰਤ ਰੁੱਤ ਦਾ ਵਰਨਣ ਕਰਦਿਆਂ ਦੱਸਿਆ ਕਿ ਅਸੀਂ ਕਿਸ ਤਰ੍ਹਾਂ ਗੁਰਬਾਣੀ ਦਾ ਆਸਰਾ ਲੈ ਕੇ ਗ੍ਰਹਿ ਬਸੰਤ, ਮਨ ਬਸੰਤ ਅਤੇ ਸਦਾ ਬਸੰਤ ਨਾਲ ਆਪਣਾ ਜੀਵਨ ਹਰਿਆ ਭਰਿਆ ਕਰ ਸਕਦੇ ਹਾਂ। ਉਨ੍ਹਾਂ ਸਾਰੇ ਬ੍ਰਹਿਮੰਡ ਵਿੱਚ ਅਨਹਦ ਸ਼ਬਦ ਦਾ ਅਲਾਪ ਤੇ ਕੁਦਰਤ ਦੀ ਸੁੰਦਰਤਾ ਦਾ ਵਰਨਣ ਵੀ ਕੀਤਾ।
ਇਸ ਮੌਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਗੁਰਪੁਰਵਾਸੀ ਅਵਤਾਰ ਸਿੰਘ ਮੱਕੜ ਵੱਲੋਂ ਸ੍ਰੀ ਦਰਬਾਰ ਸਾਹਿਬ ਵਿਖੇ ਤੰਤੀ ਸਾਜਾਂ ਦੀ ਪ੍ਰੰਪਰਾ ਨੂੰ ਸੁਰਜੀਤ ਕਰਨ ਲਈ ਉਨ੍ਹਾਂ ਦੇ ਸਪੁੱਤਰ ਇੰਦਰਜੀਤ ਸਿੰਘ ਪ੍ਰਧਾਨ ਗੁਰਦੁਆਰਾ ਸਿੰਘ ਸਭਾ, ਮਾਡਲ ਟਾਊਨ ਐਕਸਟੈਨਸ਼ਨ ਨੂੰ ਵੀ ਸਨਮਾਨਿਤ ਕੀਤਾ ਗਿਆ।
ਉਪਰੋਕਤ ਸਨਮਾਨ ਕਰਨ ਦੀ ਰਸਮ ਸਟੱਡੀ ਸਰਕਲ ਦੇ ਮੁਖੀ ਅਹੁਦੇਦਾਰਾਂ ਅਮਰਜੀਤ ਸਿੰਘ ਟੈਕਸਲਾ ਡਾਇਰੈਕਟਰ ਭਾਈ ਸਮੁੰਦ ਸਿੰਘ ਗੁਰਮਤਿ ਸੰਗੀਤ ਇੰਸਟੀਚਿਊਟ, ਜਸਪਾਲ ਸਿੰਘ ਪਿੰਕੀ, ਡਾ. ਚਰਨ ਕਮਲ ਸਿੰਘ, ਡਾ. ਹਰੀ ਸਿੰਘ ਜਾਚਕ, ਹਰਜੀਤ ਸਿੰਘ ਖਾਲਸਾ, ਹਰਿੰਦਰ ਸਿੰਘ ਸੀ.ਏ., ਜਸਪਾਲ ਸਿੰਘ ਕੋਚ, ਹਰਦੀਪ ਸਿੰਘ, ਸੁਰਜੀਤ ਸਿੰਘ, ਐਡਵੋਕੇਟ ਜਸਕੀਰਤ ਸਿੰਘ ਸਵਰ ਸਮੁੰਦ ਮੁੱਲਾਂਪੁਰ ਨੇ ਨਿਭਾਈ। ਸਟੇਜ ਦਾ ਸੰਚਾਲਨ ਡਾ. ਬਲਵਿੰਦਰਪਾਲ ਸਿੰਘ ਲੁਧਿਆਣਾ ਨੇ ਕੀਤਾ।