* ਹੇਠਲੇ ਖੇਤਰਾਂ ਵਿਚ ਆਵਾਜਾਈ ਠੱਪ, ਲੋਕਾਂ ਨੂੰ ਸੁਰੱਖਿਅਤ ਬਾਹਰ ਕੱਢਿਆ
ਸੈਕਰਾਮੈਂਟੋ,ਕੈਲੀਫੋਰਨੀਆ (ਹੁਸਨ ਲੜੋਆ ਬੰਗਾ)- ਅਮਰੀਕਾ ਦੇ ਵਰਮਾਊਂਟ ਰਾਜ ਵਿਚ ਭਾਰੀ ਮੀਂਹ ਤੇ ਹਨੇਰੀ ਨੇ ਜਨ ਜੀਵਨ ਉਪਰ ਵਿਆਪਕ ਅਸਰ ਪਾਇਆ ਹੈ। ਸੜਕਾਂ ਦਰਿਆ ਦਾ ਰੂਪ ਧਾਰਨ ਕਰ ਗਈਆਂ ਹਨ। ਵਰਮਾਊਂਟ ਦੀ ਰਾਜਧਾਨੀ ਮੌਂਟਪੈਲੀਅਰ ਵਿਚ ਅਧਿਕਾਰੀਆਂ ਨੂੰ ਹੇਠਲਿਆਂ ਇਲਾਕਿਆਂ ਨੂੰ ਮਜਬੂਰਨ ਬੰਦ ਕਰਨਾ ਪਿਆ ਹੈ ਤੇ ਲੋਕਾਂ ਨੂੰ ਸੁਰੱਖਿਅਤ ਥਾਵਾਂ ‘ਤੇ ਭੇਜਿਆ ਗਿਆ ਹੈ। ਗਵਰਨਰ ਫਿਲ ਸਕਾਟ ਨੇ ਕਿਹਾ ਹੈ ਕਿ ਅਸੀਂ ਬੀਤੇ ਤੋਂ ਸਬਕ ਸਿੱਖਿਆ ਹੈ ਤੇ ਕਿਸੇ ਕਿਸਮ ਦੀ ਗਲਤੀ ਲਈ ਕੋਈ ਥਾਂ ਨਹੀਂ ਹੈ। ਉਨਾਂ ਕਿਹਾ ਕਿ ਹੜ ਕਾਰਨ ਹਜਾਰਾਂ ਘਰਾਂ ਤੇ ਕਾਰੋਬਾਰੀ ਇਮਾਰਤਾਂ ਨੂੰ ਨੁਕਸਾਨ ਪੁੱਜਾ ਹੈ। ਗਵਰਨਰ ਨੇ ਕਿਹਾ ਕਿ ਰਾਜ ਦੇ ਕੁਝ ਖੇਤਰਾਂ ਵਿਚ ਪਾਣੀ ਦਾ ਪੱਧਰ ਅਮਰੀਕਾ ਵਿਚ ਅਗਸਤ 2011 ਵਿਚ ਆਏ ਭਿਆਨਕ ਹੜ ਤੋਂ ਵੀ ਵਧ ਗਿਆ ਹੈ। ਉਸ ਸਮੇ ਅਮਰੀਕਾ ਦੇ ਅਨੇਕਾਂ ਦੱਖਣੀ ਰਾਜਾਂ ਵਿਚ 40 ਤੋਂ ਵਧ ਲੋਕ ਮਾਰੇ ਗਏ ਸਨ ਤੇ ਵੱਡੀ ਪੱਧਰ ਉਪਰ ਆਰਥਕ ਨੁਕਸਾਨ ਝਲਣਾ ਪਿਆ ਸੀ। ਮੌਂਟਪੈਲੀਅਰ ਵਿਚ ਅਧਿਕਾਰੀਆਂ ਨੂੰ ਆਵਾਜਾਈ ਉਪਰ ਰੋਕ ਲਾਉਣੀ ਪਈ ਹੈ ਤੇ ਲੋਕਾਂ ਨੂੰ ਉਬਲਿਆ ਹੋਇਆ ਪਾਣੀ ਪੀਣ ਲਈ ਕਿਹਾ ਗਿਆ ਹੈ ਕਿਉਂਕਿ ਹੜ ਦਾ ਪਾਣੀ ਪੀਣ ਵਾਲੇ ਪਾਣੀ ਨੂੰ ਦੂਸ਼ਿਤ ਕਰ ਸਕਦਾ ਹੈ। ਮੌਂਟਪੈਲੀਅਰ ਦੇ ਅਧਿਕਾਰੀਆਂ ਅਨੁਸਾਰ ਸ਼ਹਿਰ ਤੇ ਨਾਲ ਲੱਗਦੇ ਖੇਤਰਾਂ ਵਿਚ ਪਿਛਲੇ ਦੋ ਦਿਨਾਂ ਦੌਰਾਨ ਰਿਕਾਰਡ ਮੀਂਹ ਤੇ ਹੜ ਦਾ ਪਾਣੀ ਵੇਖਣ ਨੂੰ ਮਿਲਿਆ ਹੈ। ਸ਼ਹਿਰ ਦੇ ਹੇਠਲੇ ਖੇਤਰ ਵਿਚ ਜਾਣਾ ਸੁਰੱਖਿਅਤ ਨਹੀਂ ਹੈ। ਕੌਮੀ ਮੌਸਮ ਸੇਵਾ ਅਨੁਸਾਰ ਸ਼ਹਿਰ ਵਿਚ ਬੀਤੇ ਦਿਨ ਰਿਕਾਰਡ 5.28 ਇੰਚ ਮੀਂਹ ਪਿਆ ਹੈ। ਇਸ ਤੋਂ ਪਹਿਲਾਂ 28 ਅਗਸਤ 2011 ਨੂੰ ਰਿਕਾਰਡ 5.27 ਇੰਚ ਮੀਂਹ ਪਿਆ ਸੀ।