ਦਿੜਬਾ ਮੰਡੀ ਨਕੋਦਰ ਮਹਿਤਪੁਰ (ਹਰਜਿੰਦਰ ਪਾਲ ਛਾਬੜਾ) – ਕੌਮੀ ਸੇਵਾ ਯੋਜਨਾ ਇਕਾਈ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਮਹਿਲਾਂ ਵੱਲੋਂ ਯੁਵਕ ਸੇਵਾਵਾਂ ਵਿਭਾਗ ਪੰਜਾਬ ਦੀ ਸਰਪ੍ਰਸਤੀ ਹੇਠ ਲਗਾਏ ਜਾ ਰਹੇ ਸੱਤ ਰੋਜ਼ਾ ਕੈਂਪ ਦੌਰਾਨ ਵਲੰਟੀਅਰਾਂ ਤੇ ਵਿਦਿਆਰਥੀਆਂ ਦੀ ਸ਼ਖ਼ਸੀਅਤ ਉਸਾਰੀ ਕਰਨ ਅਤੇ ਨਸ਼ਾ ਮੁਕਤ ਸਮਾਜ ਸਿਰਜਣ ਲਈ ਯਤਨਸ਼ੀਲ ਸਕੂਲ ਪ੍ਰਬੰਧਕਾਂ ਵੱਲੋਂ ਵੱਖ ਵੱਖ ਖੇਤਰਾਂ ਵਿੱਚ ਮਾਹਿਰ ਸ਼ਖ਼ਸੀਅਤਾਂ ਨੂੰ ਵਲੰਟੀਅਰਾਂ ਦੇ ਰੂਬਰੂ ਕਰਵਾਉਂਦੇ ਹੋਏ ਉਨ੍ਹਾਂ ਨੂੰ ਜੀਵਨ ਜਾਚ ਸਿਖਾਉਣ ਦਾ ਵਿਲੱਖਣ ਯਤਨ ਕੀਤਾ ਜਾ ਰਿਹਾ ਹੈ।
ਕੈਂਪ ਦਾ ਛੇਵਾਂ ਦਿਨ ਸਹਿਬਜ਼ਾਦਿਆਂ ਦੀ ਸ਼ਹਾਦਤ ਨੂੰ ਸਮਰਪਿਤ ਕਰਦਿਆਂ ਨਿਰਸਵਾਰਥ ਸੇਵਾ ਦੀ ਲੋੜ ਤੇ ਜੋਰ ਦਿੱਤਾ ਗਿਆ।ਇਸ ਮੌਕੇ ਵਲੰਟੀਅਰਾਂ ਦੇ ਰੂਬਰੂ ਹੁੰਦਿਆਂ ਸਕੂਲ ਅਤੇ ਐਨ ਐਸ ਐਸ ਦੇ ਪੁਰਾਣੇ ਵਿਦਿਆਰਥੀ ਅੰਤਰਰਾਸ਼ਟਰੀ ਕਬੱਡੀ ਕੁਮੈਂਟੇਟਰ ਸੱਤਪਾਲ ਮਾਹੀ ਖਡਿਆਲ ਨੇ ਕਿਹਾ ਕਿ ਐਨ ਐਸ ਐਸ ਨਾਲ ਜੁੜੇ ਰਹਿਣਾ ਕੋਈ ਆਮ ਗੱਲ ਨਹੀਂ। ਉਹਨਾਂ ਕਿਹਾ ਕਿ ਸਟੇਜ ਤੇ ਵਿਦਿਆਰਥੀ ਜੀਵਨ ਦੌਰਾਨ ਬੋਲਣ ਨਾਲ ਹੀ ਮੈਂ ਅੱਜ ਇਸ ਮੁਕਾਮ ਤੇ ਪੁੱਜਣ ਵਿੱਚ ਸਫਲ ਹੋਇਆ ਹਾਂ।
ਉਹਨਾਂ ਸਕੂਲ ਜੀਵਨ ਦੇ ਸੰਘਰਸ ਦੇ ਦਿਨਾਂ ਨੂੰ ਯਾਦ ਕਰਦੇ ਹੋਏ ਉਸ ਸਮੇਂ ਦੇ ਅਧਿਆਪਕਾਂ ਦੇ ਮਿਲੇ ਅਸ਼ੀਰਵਾਦ ਤੇ ਹੱਲਾਸ਼ੇਰੀ ਨੂੰ ਮਾਰਗ ਦਰਸ਼ਨ ਮੰਨਿਆ।ਇਸ ਦੇ ਨਾਲ ਨਾਲ ਇੱਕ ਹੋਰ ਪੁਰਾਣੇ ਵਿਦਿਆਰਥੀ ਜਸ਼ਨ ਮਹਿਲਾਂ ਨੇ ਵੀ ਵਲੰਟੀਅਰਾਂ ਨੂੰ ਸਮਾਜ ਸੇਵਾ ਕਰਨ ਲਈ ਪ੍ਰੇਰਿਤ ਕੀਤਾ।ਕੈਂਪ ਵਿੱਚ ਵਿਸ਼ੇਸ਼ ਤੌਰ ਤੇ ਵਲੰਟੀਅਰਾਂ ਨੂੰ ਸੰਬੋਧਨ ਕਰਦਿਆਂ ਸ੍ਰ ਸੁਖਦੇਵ ਸਿੰਘ ਹੰਝਰਾ ਬੈਲਜੀਅਮ ਨੇ ਇਮਾਨਦਾਰੀ ਅਤੇ ਦਿਆਨਤਦਾਰੀ ਨਾਲ ਜੀਵਨ ਵਿੱਚ ਵਿਚਰਣ ਲਈ ਕਿਹਾ। ਉਹਨਾਂ ਹਰ ਵੇਲੇ ਸੇਵਾ ਲਈ ਤਿਆਰ ਬਰ ਤਿਆਰ ਰਹਿਣ ਅਤੇ ਗੁਰੂ ਗੋਬਿੰਦ ਸਿੰਘ ਜੀ ਦੇ ਸਾਹਿਬਜ਼ਾਦਿਆਂ ਤੋਂ ਪ੍ਰੇਰਨਾ ਲੈ ਕੇ ਸਮਾਜ, ਧਰਮ ਦੀ ਰੱਖਿਆ ਲਈ ਯਤਨਸ਼ੀਲ ਰਹਿਣ ਲਈ ਕਿਹਾ।
ਰਿਟਾਇਰਡ ਪ੍ਰੋਗਰਾਮ ਅਫਸਰ ਸ੍ਰ ਸਰਬਜੀਤ ਸਿੰਘ ਲੱਡੀ ਨੇ ਵਲੰਟੀਅਰਾਂ ਨੂੰ ਦ੍ਰਿੜ ਇਰਾਦੇ ਨਾਲ ਅੱਗੇ ਵਧਦੇ ਹੋਏ ਉੱਚੀਆਂ ਮੰਜ਼ਿਲਾਂ ਸਰ ਕਰਨ ਲਈ ਕਿਹਾ। ਗੌਰਮਿੰਟ ਸਕੂਲ ਲੈਕਚਰਾਰ ਯੂਨੀਅਨ ਦੇ ਜਨਰਲ ਸਕੱਤਰ ਸ੍ਰੀ ਸਿਸ਼ਨ ਕੁਮਾਰ ਲੈਕਚਰਾਰ ਨੇ ਵਿਦਿਆਰਥੀਆਂ ਨੂੰ ਅਧਿਆਪਕਾਂ ਤੋਂ ਗਿਆਨ ਪ੍ਰਾਪਤ ਕਰਕੇ ਆਪਣੇ ਜੀਵਨ ਨੂੰ ਰੁਸ਼ਨਾਉਣ ਲਈ ਕਿਹਾ ਤਾਂ ਜੋ ਮਹਿੰਗਾਈ ਦੇ ਯੁੱਗ ਵਿੱਚ ਤੁਹਾਡਾ ਜੀਵਨ ਵਧੀਆ ਢੰਗ ਨਾਲ ਬਸ਼ਰ ਹੋ ਸਕੇ ਅਤੇ ਤੁਹਾਨੂੰ ਵਿਦੇਸ਼ੀ ਧਰਤੀ ਤੇ ਗੁਲਾਮ ਨਹੀਂ ਬਣਨਾ ਪਵੇਗਾ।
ਪ੍ਰਿੰਸੀਪਲ ਜਰਨੈਲ ਸਿੰਘ ਉਭਾਵਾਲ ਨੇ ਵੀ ਵਲੰਟੀਅਰਾਂ ਨੂੰ ਵਿਗਿਆਨਕ ਦ੍ਰਿਸ਼ਟੀਕੋਣ ਅਪਨਾਉਣ ਦੀ ਨਸੀਹਤ ਦਿੱਤੀ। ਇਹਨਾਂ ਸਾਰੀਆਂ ਸਖਸ਼ੀਅਤਾਂ ਦਾ ਸਵਾਗਤ ਸ੍ਰੀ ਰਾਜੇਸ਼ ਕੁਮਾਰ ਲੈਕਚਰਾਰ ਹਿਸਟਰੀ ਨੇ ਕੀਤਾ ਅਤੇ ਧੰਨਵਾਦ ਪ੍ਰੋਗਰਾਮ ਅਫਸਰ ਪਰਮਿੰਦਰ ਕੁਮਾਰ ਲੌਂਗੋਵਾਲ ਨੇ ਕਰਦਿਆਂ ਕਿਹਾ ਕਿ ਅਸੀਂ ਉਮੀਦ ਕਰਦੇ ਹਾਂ ਕਿ ਤੁਹਾਡੀਆਂ ਸ਼ਖ਼ਸੀਅਤ ਉਸਾਰੀ ਦੀਆਂ ਗੱਲਾਂ ਇਹਨਾਂ ਵਿਦਿਆਰਥੀਆਂ ਦੇ ਜੀਵਨ ਵਿੱਚ ਖਾਸ ਤਬਦੀਲੀਆਂ ਲਿਆਉਣਗੀਆਂ।
ਇਸ ਮੌਕੇ ਸਾਰਿਆਂ ਨੂੰ ਯਾਦਗਾਰੀ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ।ਇਸ ਮੌਕੇ ਭਰਤ ਸ਼ਰਮਾ, ਦੀਪਸ਼ਿਖਾ ਬਹਿਲ, ਅੰਜਨ ਅੰਜੂ, ਪ੍ਰੀਤੀ ਰਾਣੀ, ਵੰਦਨਾ ਸਿੰਗਲਾ, ਕੰਚਨ ਸਿੰਗਲਾ, ਅਮਨਦੀਪ ਸਿੰਘ ਤੇ ਹੋਰ ਸਟਾਫ ਮੈਂਬਰ ਹਾਜ਼ਰ ਸਨ।