ਲੰਡਨ : ਬ੍ਰਿਟੇਨ ਦੇ ਰਾਜਾ ਚਾਰਲਸ III ਦੇ ਛੋਟੇ ਬੇਟੇ ਪ੍ਰਿੰਸ ਹੈਰੀ ਨੇ ਇੱਕ ਬਹੁਤ ਹੀ ਚਰਚਿਤ ਕੇਸ ਜਿੱਤ ਲਿਆ ਹੈ। ਇਸ ਨਾਲ ਅਖਬਾਰ ਡੇਲੀ ਮਿਰਰ ਨੂੰ ਵੱਡਾ ਝਟਕਾ ਲੱਗਾ ਹੈ। ਅਦਾਲਤ ਨੇ ਡੇਲੀ ਮਿਰਰ ਨੂੰ ਵੀ ਭਾਰੀ ਜੁਰਮਾਨਾ ਅਦਾ ਕਰਨ ਦਾ ਹੁਕਮ ਦਿੱਤਾ ਹੈ। ਪ੍ਰਿੰਸ ਹੈਰੀ ਨੇ ‘ਡੇਲੀ ਮਿਰਰ’ ਦੇ ਪ੍ਰਕਾਸ਼ਕ ਖਿਲਾਫ ਦਰਜ ਫੋਨ ਹੈਕਿੰਗ ਦਾ ਕੇਸ ਜਿੱਤਣ ਤੋਂ ਬਾਅਦ ਖੁਸ਼ੀ ਜ਼ਾਹਰ ਕੀਤੀ ਹੈ। ਅਦਾਲਤ ਨੇ ਅਖਬਾਰ ਨੂੰ ਹੁਕਮ ਦਿੱਤਾ ਹੈ ਕਿ ਉਹ ਉਸ ਨੂੰ 1,40,600 ਬ੍ਰਿਟਿਸ਼ ਪੌਂਡ (ਭਾਵ ਲਗਭਗ 1 ਲੱਖ 78 ਹਜ਼ਾਰ ਡਾਲਰ) ਮੁਆਵਜ਼ੇ ਵਜੋਂ ਅਦਾ ਕਰੇ।
ਅਦਾਲਤ ਦੇ ਫੈਸਲੇ ਤੋਂ ਬਾਅਦ, ਹੈਰੀ ਨੇ ਕਿਹਾ ਕਿ ਇਹ “ਸੱਚਾਈ ਅਤੇ ਜਵਾਬਦੇਹੀ ਲਈ ਵੱਡਾ ਦਿਨ” ਹੈ। ਬਰਤਾਨੀਆ ਦੇ ਰਾਜਾ ਚਾਰਲਸ III ਦਾ ਛੋਟਾ ਪੁੱਤਰ ਹੈਰੀ ਅਤੇ ਉਸਦੀ ਪਤਨੀ, ਅਮਰੀਕੀ ਅਭਿਨੇਤਰੀ ਮੇਘਨ ਮਾਰਕਲ, ਅਮਰੀਕਾ ਵਿੱਚ ਰਹਿੰਦੇ ਹਨ। ਹੈਰੀ ਆਪਣੀ ਨਿੱਜੀ ਜ਼ਿੰਦਗੀ ਨਾਲ ਜੁੜੇ ਕਈ ਮੁੱਦਿਆਂ ਨੂੰ ਲੈ ਕੇ ਲਗਾਤਾਰ ਸੁਰਖੀਆਂ ‘ਚ ਬਣੇ ਹੋਏ ਹਨ। ਹੈਰੀ (39) ਨੇ ਮੁਕੱਦਮੇ ਵਿੱਚ ਮਿਰਰ ਗਰੁੱਪ ਨਿਊਜ਼ ਪੇਪਰਜ਼ (ਐੱਮ.ਜੀ.ਐੱਨ.) ਦੇ ਤਿੰਨ ਅਖਬਾਰਾਂ ‘ਮਿਰਰ’, ‘ਸੰਡੇ ਮਿਰਰ’ ਅਤੇ ‘ਪੀਪਲ’ ਦਾ ਨਾਂ ਲਿਆ ਸੀ। ਹਾਈ ਕੋਰਟ ਦੇ ਜੱਜ ਟਿਮੋਥੀ ਫੈਨਕੋਰਟ ਨੇ ਪਾਇਆ ਕਿ ਮਿਰਰ ਗਰੁੱਪ ਦੇ ਅਖਬਾਰਾਂ ਲਈ ਫੋਨ ਹੈਕਿੰਗ ਸਾਲਾਂ ਤੋਂ ਚੱਲ ਰਹੀ ਸੀ। ਉਨ੍ਹਾਂ ਕਿਹਾ ਕਿ ਅਖ਼ਬਾਰ ਪ੍ਰਬੰਧਕਾਂ ਨੂੰ ਇਸ ਬਾਰੇ ਪਤਾ ਸੀ ਅਤੇ ਉਨ੍ਹਾਂ ਨੇ ਇਸ ‘ਤੇ ਪਰਦਾ ਪਾ ਦਿੱਤਾ ਸੀ।