ਨਿਊਯਾਰਕ : ਅਮਰੀਕਾ ਦਾ ਨਿਊਯਾਰਕ ਸਿਟੀ ਵੀਰਵਾਰ ਰਾਤ ਨੂੰ ਹਨ੍ਹੇਰੇ ਵਿੱਚ ਡੁੱਬ ਗਿਆ। ਦਰਅਸਲ, ਨਿਊਯਾਰਕ ਦੇ ਬਰੁਕਲਿਨ ਵਿੱਚ ਕੋਨ ਐਡੀਸਨ ਪਾਵਰ ਪਲਾਂਟ ਵਿੱਚ ਗੜਬੜੀ ਕਾਰਨ ਸ਼ਹਿਰ ਦੀ ਬਿਜਲੀ ਸਪਲਾਈ ਠੱਪ ਹੋ ਗਈ। ਇਸ ਅਚਾਨਕ ਹੰਗਾਮੇ ਕਾਰਨ ਵੱਡੀ ਗਿਣਤੀ ਲੋਕ ਵੱਖ-ਵੱਖ ਥਾਵਾਂ ’ਤੇ ਲਿਫਟਾਂ ’ਚ ਫਸ ਗਏ ਅਤੇ ਸ਼ਹਿਰ ’ਚ ਹਫੜਾ-ਦਫੜੀ ਮਚ ਗਈ। ਅਮਰੀਕਾ ਦੀ ਵਿੱਤੀ ਰਾਜਧਾਨੀ ਨਿਊਯਾਰਕ ’ਚ ਕਰੀਬ 20 ਮਿੰਟ ਤੱਕ ਲੋਕ ਲਿਫਟਾਂ ’ਚ ਫਸੇ ਰਹੇ ਅਤੇ ਕਈ ਥਾਵਾਂ ’ਤੇ ਉਨ੍ਹਾਂ ਨੂੰ ਬਚਾਇਆ ਗਿਆ। ਖਬਰਾਂ ਮੁਤਾਬਕ ਪਾਵਰ ਪਲਾਂਟ ਤੋਂ ਕਾਲਾ ਧੂੰਆਂ ਵੀ ਉੱਠਦਾ ਦੇਖਿਆ ਗਿਆ। ਇਸ ਕਾਰਨ ਸ਼ਹਿਰ ਦੀਆਂ ਸੜਕਾਂ ਅਤੇ ਗਲੀਆਂ ਦੀਆਂ ਲਾਈਟਾਂ ਵੀ ਬੰਦ ਹੋ ਗਈਆਂ। ਲੋਕਾਂ ਦਾ ਕਹਿਣਾ ਹੈ ਕਿ ਪਾਵਰ ਪਲਾਂਟ ਵਿੱਚ ਧਮਾਕਾ ਹੋਇਆ ਸੀ। ਕੋਨ ਐਡੀਸਨ ਪਾਵਰ ਕੰਪਨੀ ਵਲੋਂ ਜਾਰੀ ਅਧਿਕਾਰਤ ਬਿਆਨ ’ਚ ਕਿਹਾ ਗਿਆ ਕਿ ਪਾਵਰ ਪਲਾਂਟ ’ਚ ਧਮਾਕਾ ਸ਼ਾਰਟ ਸਰਕਟ ਕਾਰਨ ਹੋਇਆ। ਇਸ ਕਾਰਨ ਗਾਹਕਾਂ ਨੂੰ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਿਆ। ਸਾਡਾ ਸਟਾਫ਼ ਜਾਂਚ ਕਰ ਰਿਹਾ ਹੈ ਅਤੇ ਲੋੜੀਂਦੀ ਮੁਰੰਮਤ ਕੀਤੀ ਜਾ ਰਹੀ ਹੈ। ਜਾਂਚ ’ਚ ਸਾਹਮਣੇ ਆਇਆ ਹੈ ਕਿ ਹਾਈ ਟੈਂਸ਼ਨ ਟਰਾਂਸਮਿਸ਼ਨ ਲਾਈਨ ’ਚ ਖਰਾਬੀ ਸੀ, ਜਿਸ ਕਾਰਨ ਇਹ ਧਮਾਕਾ ਹੋਇਆ। ਘਟਨਾ ਵੀਰਵਾਰ ਦੇਰ ਰਾਤ ਕਰੀਬ 11.55 ਵਜੇ ਦੀ ਹੈ। ਡਾਊਨਟਾਊਨ ਬਰੁਕਲਿਨ, ਬੈੱਡ ਸਟਯੂ, ਲੋਅਰ ਮੈਨਹਟਨ, ਅੱਪਰ ਈਸਟ ਸਾਈਡ ਅਤੇ ਨਿਊਯਾਰਕ ਦੇ ਲੋਂਗ ਆਈਲੈਂਡ ਸਿਟੀ ਵਰਗੇ ਖੇਤਰ ਹਨੇਰੇ ਵਿੱਚ ਡੁੱਬੇ ਰਹੇ। ਨਿਊਯਾਰਕ ਦੇ ਗ੍ਰੈਂਡ ਸੈਂਟਰਲ ਸਟੇਸ਼ਨ ’ਤੇ ਕਈ ਲੋਕ ਲਿਫਟ ’ਚ ਫਸ ਗਏ। ਫਾਇਰ ਸਰਵਿਸ ਅਤੇ ਨਿਊਯਾਰਕ ਪੁਲਿਸ ਵੱਖ-ਵੱਖ ਥਾਵਾਂ ’ਤੇ ਲੋਕਾਂ ਨੂੰ ਬਚਾਉਣ ’ਚ ਲੱਗੀ ਰਹੀ।