ਜਲੰਧਰ (ਟੀਟੂ ਰਾਵਤ)- ਨਗਰ ਨਿਗਮ ਚੋਣਾਂ ਨੂੰ ਲੈ ਕੇ ਸਿਆਸੀ ਗਲਿਆਰਿਆਂ ਵਿਚ ਹਲਚਲ ਸ਼ੁਰੂ ਹੋ ਗਈ ਹੈ। ਭਾਜਪਾ ਵੱਲੋਂ ਪਾਰਟੀ ਦੇ ਸਾਰੇ ਉਮੀਦਵਾਰਾਂ ਦੀ ਸੂਚੀ ਜਾਰੀ ਕਰ ਦਿੱਤੀ ਗਈ ਹੈ। ਸੂਚੀ ਜਾਰੀ ਹੋਣ ਤੋਂ ਬਾਅਦ ਟਿਕਟ ਨਾ ਮਿਲਣ ਤੋਂ ਨਰਾਜ਼ ਚਾਹਵਾਨ ਆਗੂਆਂ ਵੱਲੋਂ ਆਪਣੀ ਨਰਾਜਗੀ ਜ਼ਾਹਿਰ ਕੀਤੀ ਜਾ ਰਹੀ ਹੈ। ਭਾਜਪਾ ਵੱਲੋਂ ਵਾਰਡ 20 ਤੋਂ ਟਿਕਟ ਦੇ ਦਾਅਵੇਦਾਰ ਹਰੀਸ਼ ਹੈਪੀ ਵੱਲੋਂ ਟਿਕਟ ਨਾ ਮਿਲਣ ਤੋਂ ਬਾਅਦ ਅੱਜ ਭਾਜਯੁਮੋ ਜਲੰਧਰ ਦੇ ਸਾਰੇ ਅਹੁਦਿਆਂ ਤੋਂ ਅਸਤੀਫਾ ਦੇ ਦਿੱਤਾ ਹੈ। ਹੈਪੀ ਨੇ ਆਪਣੇ ਸ਼ੋਸ਼ਲ ਮੀਡੀਆ ਅਕਾਉਂਟ ’ਤੇ ਇਕ ਪੋਸਟ ਸਾਂਝੀ ਕਰਦਿਆਂ ਇਹ ਐਲਾਨ ਕੀਤਾ। ਹੈਪੀ ਨੇ ਦੋਸ਼ ਲਗਾਇਆ ਕਿ ਪਾਰਟੀ ਦੇ ਸੀਨੀਅਰ ਨੇਤਾਵਾਂ ਨੇ ਉਨ੍ਹਾਂ ਦੀ ਪਾਰਟੀ ਪ੍ਰਤੀ ਸੇਵਾਵਾਂ ਨੂੰ ਅਣਗੌਲਿਆਂ ਕੀਤਾ ਹੈ। ਉਨ੍ਹਾਂ ਕਿਹਾ ਕਿ ਉਹ ਲੰਮੇ ਸਮੇਂ ਤੋਂ ਇਲਾਕੇ ਵਿਚ ਪਾਰਟੀ ਦੀਆਂ ਨੀਤੀਆਂ ਅਤੇ ਪਾਰਟੀ ਦੀ ਮਜ਼ਬੂਤੀ ਲਈ ਦਿਨ ਰਾਤ ਕੰਮ ਕਰਦੇ ਆ ਰਹੇ ਹਨ ਪਰ ਉਨ੍ਹਾਂ ਦੀ ਸੇਵਾ ਦਾ ਪਾਰਟੀ ਨੇ ਕੋਈ ਮੁੱਲ ਨਹੀਂ ਪਾਇਆ। ਇਸਦੇ ਨਾਲ ਹੀ ਹੈਪੀ ਨੇ ਭਾਜਪਾ ਨੂੰ ਅਲਵਿਦਾ ਕਹਿੰਦਿਆਂ ਸ਼੍ਰੋਮਣੀ ਅਕਾਲੀ ਦਲ ਬਾਦਲ ਨੂੰ ਜੁਆਇਨ ਕਰ ਲਿਆ ਹੈ ਅਤੇ ਚਰਚਾ ਹੈ ਕਿ ਉਹ ਸ਼੍ਰੋਅਦ ਦੇ ਚੋਣ ਨਿਸਾਨ ਉੱਤੇ ਵਾਰਡ 20 ਤੋਂ ਚੋਣ ਲੜਨਗੇ। ਉਨ੍ਹਾਂ ਕਿਹਾ ਕਿ ਇਲਾਕੇ ਦੇ ਲੋਕਾਂ ਦੀ ਉਨ੍ਹਾਂ ਨੇ ਸੇਵਾ ਕੀਤੀ ਹੈ ਅਤੇ ਇਲਾਕੇ ਦੇ ਲੋਕਾਂ ਦਾ ਕਹਿਣਾ ਹੈ ਕਿ ਚੋਣ ਨਿਸ਼ਾਨ ਭਾਵੇਂ ਕਿਸੇ ਵੀ ਪਾਰਟੀ ਦਾ ਹੋਵੇ ਅਸੀਂ ਹੈਪੀ ਨੂੰ ਹੀ ਵੋਟ ਪਾਵਾਂਗੇ ਅਤੇ ਉਸ ਕਾਮਯਾਬ ਬਣਾ ਕੇ ਇਲਾਕੇ ਦੀ ਸੇਵਾ ਕਰਨ ਦਾ ਮੌਕਾ ਦੇਵਾਂਗੇ।