ਨਿਊਜ਼ੀਲੈਂਡ ਦੇ ਵਿਚ ਬੀਤੀ 14 ਅਕਤੂਬਰ ਨੂੰ ਪਈਆਂ ਵੋਟਾਂ ਅਤੇ 3 ਨਵੰਬਰ ਨੂੰ ਆਏ ਸਰਕਾਰੀ ਨਤੀਜਿਆਂ ਬਾਅਦ ਨਿਊਜ਼ੀਲੈਂਡ ਵਿਚ ਤਿੰਨ ਰਾਜਸੀ ਪਾਰਟੀਆਂ ਦੇ ਗਠਜੋੜ ਵਾਲੀ ਨਵੀਂ ਸਰਕਾਰ ਨੈਸ਼ਨਲ ਪਾਰਟੀ ਦੀ ਅਗਵਾਈ ਵਿਚ ਅੱਜ ਆਖ਼ਰ ਬਣ ਹੀ ਗਈ। ਗਵਰਨਰ ਹਾਊਸ ਵਿਚ ਸਹੁੰ ਚੁਕ ਸਮਾਗਮ ਹੋਇਆ ਤੇ ਨੈਸ਼ਨਲ ਪਾਰਟੀ ਦੇ ਨੇਤਾ ਕਿ੍ਰਸ ਲਕਸਨ ਦੇਸ਼ ਦੇ 42ਵੇਂ ਪ੍ਰਧਾਨ ਮੰਤਰੀ ਬਣ ਗਏ। ਦੇਸ਼ ਦੀ ਗਵਰਨਰ ਜਨਰਲ ਡੇਮ ਸਿੰਡੀ ਕੀਰੋ ਨੇ ਇਹ ਸਹੁੰ ਚੁਕਾਈ। ਵਰਨਣਯੋਗ ਹੈ ਕਿ ਨਿਊਜ਼ੀਲੈਂਡ ਦੇ ਪਹਿਲੇ ਪ੍ਰਧਾਨ ਮੰਤਰੀ ਹੈਨਰੀ ਸੀਵੈਲ 7 ਮਈ 1856 ਨੂੰ ਬਣੇ ਸਨ ਅਤੇ ਉਦੋਂ ਤੋਂ ਹੀ ਇਹ ਪ੍ਰਣਾਲੀ ਜਾਰੀ ਹੈ।
ਨੈਸ਼ਨਲ ਪਾਰਟੀ ਜਿਸ ਨੇ ਕੁਲ 121 ਸੀਟਾਂ ਵਿਚੋਂ 43 ਸੀਟਾਂ ਉਤੇ ਵੋਟਾਂ ਰਾਹੀਂ ਜਿੱਤ ਹਾਸਲ ਕੀਤੀ ਅਤੇ 5 ਸੀਟਾਂ ਪਾਰਟੀ ਵੋਟ ਦੇ ਆਧਾਰ ਉਤੇ ਜਿੱਤੀਆਂ ਸਨ। ਸਰਕਾਰ ਬਣਾਉਣ ਵਾਸਤੇ 61 ਸੀਟਾਂ ਦੀ ਜ਼ਰੂਰਤ ਸੀ ਇਸ ਕਰ ਕੇ ਐਕਟ ਪਾਰਟੀ ਦੀਆਂ 11 ਸੀਟਾਂ ਅਤੇ ਨਿਊਜ਼ੀਲੈਂਡ ਫ਼ਸਟ ਦੀਆਂ 8 ਸੀਟਾਂ ਦਾ ਰਲੇਵਾਂ ਕਰ ਕੇ ਲਿਖਤੀ ਗਠਜੋੜ ਕੀਤਾ ਗਿਆ ਤੇ ਜਨਤਾ ਨੂੰ ਦਸਿਆ ਗਿਆ।