ਭਾਰਤ ਅਤੇ ਆਸਟ੍ਰੇਲੀਆ ਵਿਚਾਲੇ ਪੰਜ ਮੈਚਾਂ ਦੀ ਟੀ-20 ਸੀਰੀਜ਼ ਦਾ ਤੀਜਾ ਮੈਚ ਬਾਰਸਾਪਾਰਾ ਸਟੇਡੀਅਮ, ਗੁਹਾਟੀ ਵਿਖੇ ਖੇਡਿਆ ਗਿਆ। ਆਸਟ੍ਰੇਲੀਆ ਦੇ ਕਪਤਾਨ ਮੈਥਿਊ ਵੇਡ ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ। ਭਾਰਤ ਨੇ ਪਹਿਲਾਂ ਬੱਲੇਬਾਜ਼ੀ ਕਰਦਿਆਂ 20 ਓਵਰਾਂ ਵਿਚ 222 ਦੌੜਾਂ ਬਣਾਈਆਂ। ਜਵਾਬ ‘ਚ ਆਸਟ੍ਰੇਲੀਆ ਨੇ ਆਖਰੀ ਗੇਂਦ ‘ਤੇ ਸਕੋਰ ਦਾ ਪਿੱਛਾ ਕੀਤਾ।
ਆਸਟ੍ਰੇਲੀਆ ਨੇ ਤੀਜੇ ਟੀ-20 ਵਿਚ ਭਾਰਤ ਨੂੰ ਪੰਜ ਵਿਕਟਾਂ ਨਾਲ ਹਰਾ ਦਿਤਾ ਹੈ। ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਭਾਰਤ ਨੇ 20 ਓਵਰਾਂ ਵਿਚ ਤਿੰਨ ਵਿਕਟਾਂ ਗੁਆ ਕੇ 222 ਦੌੜਾਂ ਬਣਾਈਆਂ। ਰੁਤੁਰਾਜ ਗਾਇਕਵਾੜ ਨੇ 57 ਗੇਂਦਾਂ ਵਿਚ 123 ਦੌੜਾਂ ਦੀ ਪਾਰੀ ਖੇਡੀ। ਜਵਾਬ ‘ਚ ਭਾਰਤੀ ਟੀਮ ਨੂੰ ਆਖਰੀ ਓਵਰ ‘ਚ 21 ਦੌੜਾਂ ਬਚਾਉਣੀਆਂ ਪਈਆਂ। ਪ੍ਰਸਿਦ ਕ੍ਰਿਸ਼ਨਾ ਗੇਂਦਬਾਜ਼ੀ ਕਰ ਰਹੇ ਸਨ ਪਰ ਟੀਮ ਇੰਡੀਆ ਇਸ ਦੌੜ ਨੂੰ ਨਹੀਂ ਬਚਾ ਸਕੀ।
ਮੈਕਸਵੈੱਲ ਅਤੇ ਵੇਡ ਨੇ ਇੰਨੀਆਂ ਦੌੜਾਂ ਬਣਾ ਕੇ ਆਸਟ੍ਰੇਲੀਆ ਨੂੰ ਜਿੱਤ ਵੱਲ ਤੋਰਿਆ। ਵੇਡ ਨੇ ਆਖਰੀ ਓਵਰ ਦੀ ਪਹਿਲੀ ਗੇਂਦ ‘ਤੇ ਚੌਕਾ ਜੜਿਆ। ਫਿਰ ਦੂਜੀ ਗੇਂਦ ‘ਤੇ ਇਕ ਦੌੜ ਆਈ। ਇਸ ਤੋਂ ਬਾਅਦ ਤੀਜੀ ਗੇਂਦ ‘ਤੇ ਮੈਕਸਵੈੱਲ ਨੇ ਛੱਕਾ ਲਗਾਇਆ। ਫਿਰ ਚੌਥੀ ਗੇਂਦ ‘ਤੇ ਚੌਕਾ ਜੜਿਆ। ਮੈਕਸਵੈੱਲ ਨੇ ਪੰਜਵੀਂ ਗੇਂਦ ‘ਤੇ ਚੌਕਾ ਜੜ ਕੇ ਟੀ-20 ਇੰਟਰਨੈਸ਼ਨਲ ‘ਚ ਅਪਣਾ ਚੌਥਾ ਸੈਂਕੜਾ ਪੂਰਾ ਕੀਤਾ। ਉਸ ਨੇ 47 ਗੇਂਦਾਂ ਵਿਚ ਸੈਂਕੜਾ ਜੜਿਆ।