ਨਵੀਂ ਦਿੱਲੀ : ਚੰਦਰਮਾ ਦੇ ਦੱਖਣੀ ਧਰੁਵ ‘ਤੇ ਚੰਦਰਯਾਨ-3 ਦੀ ਸਫ਼ਲ ਲੈਂਡਿੰਗ ਦਾ ਰਿਕਾਰਡ ਕਾਇਮ ਕਰਨ ਵਾਲਾ ਭਾਰਤ ਹੁਣ ਪੁਲਾੜ ਵਿੱਚ ਆਪਣੀ ਰਫ਼ਤਾਰ ਵਧਾਉਣ ਲਈ ਤਿਆਰ ਹੈ। ਨਾਸਾ ਯਾਨੀ ਨੈਸ਼ਨਲ ਏਰੋਨਾਟਿਕਸ ਐਂਡ ਸਪੇਸ ਐਡਮਿਨਿਸਟ੍ਰੇਸ਼ਨ ਵੀ ਇਸ ਕੰਮ ਵਿਚ ਸਹਿਯੋਗ ਕਰਨ ਜਾ ਰਿਹਾ ਹੈ। ਦੱਸਿਆ ਜਾ ਰਿਹਾ ਹੈ ਕਿ ਨਾਸਾ ਨੇ ਇੱਕ ਭਾਰਤੀ ਯਾਤਰੀ ਨੂੰ ਪੁਲਾੜ ਵਿੱਚ ਭੇਜਣ ਦੀ ਯੋਜਨਾ ਬਣਾਈ ਹੈ।
ਅਮਰੀਕੀ ਪੁਲਾੜ ਏਜੰਸੀ ਨਾਸਾ ਦੇ ਪ੍ਰਸ਼ਾਸਕ ਬਿਲ ਨੈਲਸਨ ਨੇ ਮੰਗਲਵਾਰ ਨੂੰ ਇੱਥੇ ਕਿਹਾ ਕਿ ਵਾਸ਼ਿੰਗਟਨ ਭਾਰਤ ਦਾ ਆਪਣਾ ਪੁਲਾੜ ਸਟੇਸ਼ਨ ਬਣਾਉਣ ਲਈ ਨਵੀਂ ਦਿੱਲੀ ਦਾ ਸਮਰਥਨ ਕਰਨ ਲਈ ਤਿਆਰ ਹੈ। ਭਾਰਤ ਦੇ ਦੌਰੇ ‘ਤੇ ਆਏ ਨੈਲਸਨ ਨੇ ਕਿਹਾ ਕਿ ਅਮਰੀਕਾ ਅਤੇ ਭਾਰਤ ਅਗਲੇ ਸਾਲ ਦੇ ਅੰਤ ਤੱਕ ਇਕ ਭਾਰਤੀ ਪੁਲਾੜ ਯਾਤਰੀ ਨੂੰ ਅੰਤਰਰਾਸ਼ਟਰੀ ਪੁਲਾੜ ਸਟੇਸ਼ਨ ‘ਤੇ ਭੇਜਣ ਦੀ ਯੋਜਨਾ ‘ਤੇ ਕੰਮ ਕਰ ਰਹੇ ਹਨ।
ਨੈਲਸਨ ਨੇ ਇੱਥੇ ਪੱਤਰਕਾਰਾਂ ਨੂੰ ਦੱਸਿਆ, ‘ਪੁਲਾੜ ਯਾਤਰੀਆਂ ਦੀ ਚੋਣ ਇਸਰੋ ਵੱਲੋਂ ਕੀਤੀ ਜਾਵੇਗੀ, ਨਾਸਾ ਨਹੀਂ ਚੁਣੇਗਾ। ਇਕ ਸਵਾਲ ਦੇ ਜਵਾਬ ਵਿਚ ਉਨ੍ਹਾਂ ਕਿਹਾ ਕਿ ਜੇਕਰ ਭਾਰਤ ਚਾਹੁੰਦਾ ਹੈ ਤਾਂ ਵਾਸ਼ਿੰਗਟਨ ਪੁਲਾੜ ਸਟੇਸ਼ਨ ਦੇ ਨਿਰਮਾਣ ਵਿਚ ਨਵੀਂ ਦਿੱਲੀ ਨਾਲ ਸਹਿਯੋਗ ਕਰਨ ਲਈ ਤਿਆਰ ਹੈ।
ਨੇਲਸਨ ਨੇ ਕਿਹਾ, “ਸਾਨੂੰ ਉਮੀਦ ਹੈ ਕਿ ਉਸ ਸਮੇਂ ਤੱਕ ਇੱਕ ਵਪਾਰਕ ਸਪੇਸ ਸਟੇਸ਼ਨ ਹੋਵੇਗਾ,” । ਮੈਨੂੰ ਲੱਗਦਾ ਹੈ ਕਿ ਭਾਰਤ 2040 ਤੱਕ ਵਪਾਰਕ ਪੁਲਾੜ ਸਟੇਸ਼ਨ ਬਣਾਉਣਾ ਚਾਹੁੰਦਾ ਹੈ। ਜੇਕਰ ਭਾਰਤ ਸਾਡੇ ਨਾਲ ਸਹਿਯੋਗ ਕਰਨਾ ਚਾਹੁੰਦਾ ਹੈ ਤਾਂ ਅਸੀਂ ਜ਼ਰੂਰ ਉਪਲਬਧ ਹੋਵਾਂਗੇ। ਪਰ ਇਹ ਭਾਰਤ ‘ਤੇ ਨਿਰਭਰ ਕਰਦਾ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇਸਰੋ ਨੂੰ 2035 ਤੱਕ ਭਾਰਤੀ ਪੁਲਾੜ ਸਟੇਸ਼ਨ ਬਣਾਉਣ ਅਤੇ 2040 ਤੱਕ ਚੰਦਰਮਾ ‘ਤੇ ਪੁਲਾੜ ਯਾਤਰੀਆਂ ਨੂੰ ਉਤਾਰਨ ਦਾ ਟੀਚਾ ਰੱਖਣ ਲਈ ਕਿਹਾ ਹੈ।