ਔਕਲੈਂਡ: ਨਿਊਜ਼ੀਲੈਂਡ ਵਿਚ ਪੰਜਵੀਆਂ ਸਾਲਾਨਾ ਸਿੱਖ ਖੇਡਾਂ ਸ਼ਨਿੱਚਰਵਾਰ ਨੂੰ ਧੂਮ-ਧੜੱਕੇ ਨਾਲ ਆਰੰਭ ਹੋ ਗਈਆਂ। ਐਤਵਾਰ ਤੱਕ ਚੱਲਣ ਵਾਲੇ ਖੇਡ ਮੇਲੇ ਵਿਚ ਸਿਰਫ ਨਿਊਜ਼ੀਲੈਂਡ ਹੀ ਨਹੀਂ ਸਗੋਂ ਆਸਟ੍ਰੇਲੀਆ, ਕੈਨੇਡਾ, ਅਮਰੀਕਾ ਅਤੇ ਭਾਰਤ ਤੋਂ ਵੀ ਖਿਡਾਰੀ ਪੁੱਜੇ ਹੋਏ ਹਨ ਜੋ ਕਬੱਡੀ, ਫੁੱਟਬਾਲ, ਕ੍ਰਿਕਟ ਤੇ ਹਾਕੀ ਸਣੇ 18 ਵੱਖ ਵੱਖ ਖੇਡਾਂ ਵਿਚ ਹਿੱਸਾ ਲੈਣਗੇ।
ਆਸਟ੍ਰੇਲੀਆ, ਕੈਨੇਡਾ, ਅਮਰੀਕਾ ਅਤੇ ਭਾਰਤ ਤੋਂ ਵੀ ਖਿਡਾਰੀ ਪੁੱਜੇ
ਦੱਖਣੀ ਆਕਲੈਂਡ ਦੇ ਤਾਕਾਨੀਨੀ ਵਿਖੇ ਬਰੂਸ ਪੁਲਮਨ ਪਾਰਕ ਵਿਚ ਪਹਿਲੇ ਦਿਨ ਦਰਸ਼ਕਾਂ ਦੇ ਮਨੋਰੰਜਨ ਲਈ ਸਭਿਆਚਾਰਕ ਸਮਾਗਮ ਵੀ ਕਰਵਾਏ ਗਏ। ਪੰਜਵੀਆਂ ਸਿੱਖ ਖੇਡਾਂ ਦੇ ਪ੍ਰਬੰਧਕਾਂ ਵਿਚੋਂ ਇਕ ਰੌਬਿਨ ਅਟਵਾਲ ਨੇ ਕਿਹਾ ਕਿ ਹਰ ਧਰਮ ਅਤੇ ਸਭਿਆਚਾਰ ਨਾਲ ਸਬੰਧਤ ਲੋਕਾਂ ਲਈ ਖੇਡ ਮੇਲੇ ਦੇ ਦਰਵਾਜ਼ੇ ਖੁੱਲ੍ਹੇ ਹਨ। ਇਸ ਖੇਡ ਸਮਾਗਮ ਦਾ ਮਕਸਦ ਖੇਡ ਭਾਵਨਾ, ਸਭਿਆਚਾਰਕ ਵੰਨ ਸੁਵੰਨਤਾ ਅਤੇ ਰੂਹਾਨੀ ਏਕੇ ਨੂੰ ਹੁਲਾਰਾ ਦੇਣਾ ਹੈ। ਅਜਿਹੇ ਸਮਾਗਮਾਂ ਰਾਹੀਂ ਜਿਥੇ ਨੌਜਵਾਨਾਂ ਅੰਦਰਲੇ ਖਿਡਾਰੀ ਉਭਾਰਨ ਦਾ ਮੌਕਾ ਮਿਲਦਾ ਹੈ, ਉਥੇ ਹੀ ਨੌਜਵਾਨਾਂ ਅਤੇ ਬਜ਼ੁਰਗਾਂ ਲਈ ਰਲ-ਮਿਲ ਕੇ ਆਪਣਾ ਸਭਿਆਚਾਰ ਮਾਣਨ ਦਾ ਸਬੱਬ ਵੀ ਬਣਦਾ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਓਟ ਆਸਰਾ ਲੈਂਦਿਆਂ ਖੇਡਾਂ ਸ਼ੁਰੂ ਹੋ ਚੁੱਕੀਆਂ ਹਨ ਅਤੇ ਖਿਡਾਰੀਆਂ ਅਤੇ ਦਰਸ਼ਕਾਂ ਵਾਸਤੇ ਗੁਰਦਵਾਰਾ ਸਾਹਿਬ ਤੋਂ ਲੰਗਰ ਤਿਆਰ ਕਰ ਕੇ ਲਿਆਂਦਾ ਜਾ ਰਿਹਾ ਹੈ।