ਅੰਮ੍ਰਿਤਸਰ- ਗੁਰਦਾਸਪੁਰ ਤੋਂ ਸ਼ਿਵ ਸੈਨਾ ਆਗੂ ਹਰਵਿੰਦਰ ਸੋਨੀ ਵੱਲੋਂ ਸ੍ਰੀ ਦਰਬਾਰ ਸਾਹਿਬ ਬਾਰੇ ਦਿੱਤੇ ਧਮਕੀ ਭਰੇ ਇਤਰਾਜ਼ਯੋਗ ਬਿਆਨ ਤੋਂ ਬਾਅਦ ਸਿੱਖ ਜੱਥੇਬੰਦੀਆਂ ਅਤੇ ਸ਼ਿਵ ਸੈਨਾ ਆਗੂਆਂ ਵਿਚਾਲੇ ਵਿਵਾਦ ਛਿੜ ਗਿਆ ਹੈ। ਇਸ ਨੂੰ ਲੈ ਕੇ ਸ਼ਿਵ ਸੈਨਾ ਨੇ ਸਖ਼ਤ ਰੁਖ਼ ਅਖਤਿਆਰ ਕੀਤਾ ਹੈ। ਸ਼ਿਵ ਸੈਨਾ ਦੀ ਕੌਮੀ ਲੀਡਰਸ਼ਿਪ ਦੇ ਦਿਸ਼ਾ-ਨਿਰਦੇਸ਼ਾਂ ’ਤੇ ਪਾਰਟੀ ਦੇ ਸੂਬਾ ਪ੍ਰਧਾਨ ਯੋਗਰਾਜ ਸ਼ਰਮਾ ਨੇ ਹਰਵਿੰਦਰ ਸੋਨੀ ਨੂੰ ਸ਼ਿਵ ਸੈਨਾ ’ਚੋਂ ਕੱਢਣ ਦਾ ਐਲਾਨ ਕੀਤਾ ਹੈ। ਇਹ ਜਾਣਕਾਰੀ ਸ਼ਿਵ ਸੈਨਾ ਦੇ ਮੁੱਖ ਬੁਲਾਰੇ ਚੰਦਰਕਾਂਤ ਚੱਢਾ ਨੇ ਦਿੱਤੀ। ਹਾਲਾਂਕਿ ਇਸ ਤੋਂ ਪਹਿਲਾਂ ਸ਼ਿਵ ਸੈਨਾ ਨੇਤਾ ਹਰਵਿੰਦਰ ਸੋਨੀ ਨੇ ਬਿਆਨ ਜਾਰੀ ਕਰਕੇ ਇਸ ਮਾਮਲੇ ਨੂੰ ਲੈ ਕੇ ਜਨਤਕ ਤੌਰ ’ਤੇ ਮੁਆਫ਼ੀ ਵੀ ਮੰਗੀ ਸੀ। ਉਨ੍ਹਾਂ ਦਾ ਕਹਿਣਾ ਹੈ ਕਿ ਬੰਦ ਦੌਰਾਨ ਗਲਤੀ ਨਾਲ ਉਨ੍ਹਾਂ ਵਲੋਂ ਵਿਵਾਦਤ ਬਿਆਨ ਨਿਕਲ ਗਿਆ ਸੀ। ਉਹ ਖੁਦ ਸ੍ਰੀ ਦਰਬਾਰ ਵਿਚ ਪੂਰੀ ਆਸਥਾ ਰੱਖਦੇ ਹਨ। ਉਹ ਗਲਤੀ ਨਾਲ ਦਿੱਤੇ ਗਏ ਬਿਆਨ ’ਤੇ ਮੁਆਫ਼ੀ ਮੰਗਦੇ ਹਨ।