ਮਨੁੱਖਤਾ ਲਈ ਇਕ ਨਵਾਂ ਰਾਹ ! ਰੂਸੀ ਮਹਾਨ ਅਕਤੂਬਰ ਸਮਾਜਵਾਦੀ ਇਨਕਲਾਬ ਦੀ ਸਾਰਥਿਕਤਾ

ਜਗਦੀਸ਼ ਸਿੰਘ ਚੋਹਕਾ

ਮਹਾਨ ਸਮਾਜਵਾਦੀ ਅਕਤੂਬਰ ਇਨਕਲਾਬ, 1917 ਦਾ ਰੂਸ ਅੰਦਰ ਸਫਲ ਹੋਣਾ ਦੁਨੀਆਂ ਦੀ ਪਹਿਲੀ ਕਮਿਊਨਿਸਟ ਪਾਰਟੀ ਅਧੀਨ ਮਾਰਕਸਵਾਦੀ-ਲੈਨਿਨਵਾਦੀ ਜਿੱਤ ਸੀ, ਜਿਸ ਨੇ ਕਿਰਤੀ ਜਮਾਤ ਨੂੰ ਪਹਿਲੀ ਵਾਰ ਰਾਜਸਤਾ ‘ਤੇ ਬੈਠਾਇਆ ਸੀ! ਮਨੁੱਖੀ ਇਤਿਹਾਸ ਅੰਦਰ 7-ਨਵੰਬਰ, 1917 (ਉਸ ਵੇਲੇ ਦੇ ਕਲੰਡਰ ਮੁਤਾਬਕ ਰੂਸੀ 25-ਅਕਤੂਬਰ) ਇਕ ਪਹਿਲੀ ਸਮਾਜਕ-ਆਰਥਿਕ ਤੇ ਰਾਜਨੀਤਕ ਘਟਨਾ ਸੀ ਜਿਸ ਨੇ ਸਮਾਜ ਅੰਦਰ ਰਾਜਸਤਾ ‘ਤੇ ਕਾਬਜ਼ ਪੂੰਜੀਵਾਦੀ ਵਿਵਸਥਾ ਦੀ ਥਾਂ ਸਮਾਜਵਾਦੀ ‘ਤੇ ਅੱਗੋ ਵਲ ‘ਸਾਮਵਾਦੀ` ਰਾਹ ਨੂੰ ਮੋੜਾ ਕੱਟਿਆ। ਰੂਸ ਅੰਦਰ ਇਹ ਸਮਾਜਵਾਦੀ ਇਨਕਲਾਬ ਇਤਿਹਾਸਕ ਨਿਯਮਾਂ ਅਧੀਨ ਇਕ ਜਮਾਤੀ ਬਦਲਾਅ ਸੀ। ਮਹਾਨ ਅਕਤੂਬਰ ਸਮਾਜਵਾਦੀ ਇਨਕਲਾਬ ਇਹ ਪਹਿਲਾ ਕਿਰਤੀ ਜਮਾਤ ਵੱਲੋਂ ਕਿਸਾਨੀ ਦੀ ਭਾਈਵਾਲੀ ਨਾਲ ਕਮਿਊਨਿਸਟ ਪਾਰਟੀ ਦੀ ਅਗਵਾਈ ਵਿੱਚ ਸੰਪੰਨ ਹੋਇਆ ਸਮਾਜਵਾਦੀ ਇਨਕਲਾਬ ਸੀ ਜਿਸ ਦੀ ਅਗਵਾਨੀ ਲੈਨਿਨ ਨੇ ਕੀਤੀ ਸੀ, ਜਿਸ ਦੀ ਵਾਂਗਡੋਰ ਰੂਸੀ ਸੋਸ਼ਲ ਡੈਮੋਕਰੈਟਿਕ ਲੇਬਰ ਪਾਰਟੀ (ਬਾਲਸ਼ਵਿਕ) ਪਾਸ ਸੀ। ਮਹਾਨ ਅਕਤੂਬਰ ਸਮਾਜਵਾਦੀ ਇਨਕਲਾਬ, 1917 ਨੇ ਦੁਨੀਆਂ ਅੰਦਰ ਆਵਾਮ ਦੇ ਭੱਖਵੇਂ ਬੁਨਿਆਦੀ ਮੱਸਲਿਆਂ ਦੇ ਹਲ ‘ਤੇ ਕਿਰਤੀ ਜਮਾਤ ਦੀ ਮੁਕਤੀ ਲਈ ਰਾਹ ਖੋਲ੍ਹਿਆ। ਸਮਾਜ ਦੇ ਭਵਿੱਖੀ ਪੇਸ਼ ਸਮੱਸਿਆਵਾਂ ਦੇ ਵਿਧੀਵਤ ਹੱਲ, ਸੰਸਾਰ ਅਮਨ, ਜੰਗ ਵਿਰੁਧ ਅਤੇ ਮਨੁੱਖਤਾ ਦੀ ਭਲਾਈ ਲਈ ਸਮਾਜਵਾਦੀ ਢੰਗ-ਤਰੀਕਿਆਂ ਨੂੰ ਉਜਾਗਰ ਕੀਤਾ।

ਮਹਾਨ ਅਕਤੂਬਰ ਸਮਾਜਵਾਦੀ ਰੂਸੀ ਇਨਕਲਾਬ 1917, 20-ਵੀਂ ਸਦੀ ਦੀ ਸਭ ਤੋਂ ਵੱਧ ਜਮਾਤੀ ਇਤਿਹਾਸਕ ਘਟਨਾ ਸੀ, ਜਿਸ ਨੇ ਰੂਸ ਦੀ ਕਿਰਤੀ-ਜਮਾਤ ਦੀ ਮੁਕਤੀ ਲਈ ਹੀ ਨਹੀਂ ਸਗੋਂ ਦੁਨੀਆਂ ਅੰਦਰ ਪੂੰਜੀਵਾਦੀ ਲੁੱਟ-ਚੋਂਘ ਵਾਲੇ ਨਿਜ਼ਾਮ ਤੋਂ ਕਿਰਤੀ ਜਮਾਤ ਨੂੰ ਮਨੁੱਖੀ ਸ਼ੋਸ਼ਣ ਵਿਰੁਧ ਲੜਨ ਲਈ ਹੱਲਾਸ਼ੇਰੀ ਦਿਤੀ। ਇਸ ਤਬਦੀਲੀ ਨੇ ਦੁਨੀਆਂ ‘ਚ ਲੁੱਟ-ਖਸੁੱਟ ਅਤੇ ਸਾਰੀਆਂ ਨਾ-ਬਰਾਬਰੀ ਵਾਲੀਆਂ ਧਾਰਨਾਵਾਂ ਨੂੰ ਲਲਕਾਰਿਆ। ਸਦੀਆਂ ਤੋਂ ਚਲੇ ਆ ਰਹੇ ਪੁਰਾਣੇ ਵਰਗੀ ਗਲੇ-ਸੜੇ ਰਾਜ-ਪ੍ਰਬੰਧਾਂ ਵਿਰੁਧ, ਕਿਰਤੀਆਂ, ਕਿਸਾਨਾਂ, ਇਸਤਰੀਆਂ, ਨੌਜਵਾਨਾਂ, ਗਰੀਬ ਕੌਮਾਂ ‘ਤੇ ਗੁਲਾਮ ਦੇਸ਼ਾਂ ਅੰਦਰ ਹੁੰਦੀ ਲੁੱਟ-ਚੋਂਘ ਵਾਲੀ ਰਾਜਸੀ ਮਾਨਸਿਕਤਾ ਦੇ ਖਾਤਮੇ ਲਈ ਮੁਕਤੀ ਪਾਉਣ ਲਈ ਲੜਨ ਅਤੇ ਸੰਘਰਸ਼ ਕਰਨ ਲਈ ਕਿਰਤੀ ਵਰਗ ਦੀਆਂ ਅਥਾਹ ਸੰਭਾਵਨਾਵਾਂ ਨੂੰ ਬਲ ਬਖਸ਼ਿਆ। ਇਸ ਪ੍ਰਕਿਰਿਆ ਨੇ ਪਹਿਲੀ ਵਾਰ ਰੂਸ ਅੰਦਰ ਜਮਾਤ ਨੂੰ ਰਾਜਸਤਾ ਤਕ ਪੁੱਜਣ ਲਈ ਬਲ ਦਿੱਤਾ।

ਮਹਾਨ ਅਕਤੂਬਰ ਸਮਾਜਵਾਦੀ ਇਨਕਲਾਬ 1917 ਨੇ, ਸੰਸਾਰ ਅੰਦਰ ਪਹਿਲੀ ਵਾਰ ਕਿਰਤੀ ਜਮਾਤ ਦੀ ਅਗਵਾਈ ਵਿੱਚ ਪ੍ਰੋਲਤਾਰੀ ਰਾਜਸਤਾ ਦੀ ਸਥਾਪਨਾ ਦਾ ਮੁਢ ਬੰਨ੍ਹਿਆ! ਮਹਾਨ ਚਿੰਤਕ ਕਾਰਲ ਮਾਰਕਸ ਤੇ ਐਫ.ਏਂਗਲਜ਼ ਦੇ ਲੁੱਟ-ਰਹਿਤ ਸਮਾਜ ਵਾਲੇ ਫਲਸਫ਼ੇ ਨੂੰ ਪਹਿਲੀ ਵਾਰ ਲੈਨਿਨ ਨੇ ਬਾਲਸ਼ਵਿਕ ਪਾਰਟੀ (ਕਮਿਊਨਿਸਟ ਪਾਰਟੀ) ਦੀ ਅਗਵਾਈ ਵਿੱਚ ਰੂਸ ਅੰਦਰ ਅਮਲੀ ਜਾਮਾ ਪਹਿਨਾਅ ਕੇ ਦੁਨੀਆ ਅੰਦਰ ਕਿਰਤੀ ਜਮਾਤ ਨੂੰ ਰਾਜਸੀ ਮਾਨਤਾ ਦਿਵਾਉਣ ਦਾ ਆਰੰਭ ਕੀਤਾ ਸੀ। ਨਾ-ਬਰਾਬਰੀ ਵਾਲੀਆਂ ਸਦੀਆਂ ਪੁਰਾਣੀਆਂ ਮਿੱਥਾਂ ਨੂੰ ਚੱਕਨਾਚੂਰ ਕਰਦੇ ਹੋਏ ਮਨੁੱਖੀ ਸਮਾਜ ਅੰਦਰ ਇਕ ਸਮਾਜਕ ਬਰਾਬਰੀ ਦਾ ਰਾਹੀ ਖੋਲ੍ਹ ਕੇ ਇਕ ਨਵੇਂ ਇਤਿਹਾਸ ਨੂੰ ਅਮਲੀ ਰੂਪ ਦੇ ਕੇ ਸਮਾਜਵਾਦੀ ਮਨੁੱਖੀ ਹੋਣੀ ਨੂੰ ਅਮਲੀ ਰੂਪ ਵਿੱਚ ਜਨਮ ਦਿੱਤਾ ਸੀ। ਮਹਾਨ ਰੂਸੀ ਕ੍ਰਾਂਤੀ ਦੌਰਾਨ ਹਾਜ਼ਰ ਮਸ਼ਹੂਰ ਅਮਰੀਕੀ ਪੱਤਰਕਾਰ ‘‘ਜੌਹਨ ਰੀਡ“ ਨੇ ਇਸ ਇਤਿਹਾਸਕ ਘਟਨਾ ਨੂੰ ਹੱਡੀ ਹੰਡਾਉਂਦੇ ਹੋਏ ਲਿਖਿਆ ਸੀ, ‘‘ਦਸ-ਦਿਨ ਜਿਸਨੇ ਦੁਨੀਆਂ ਹਿਲਾ ਦਿੱਤੀ“ ਦਾ ਨਾਂ ਦੇ ਕੇ ਇਕ ਹਕੀਕੀ ਅਤੇ ਇਤਿਹਾਸਕ ਘਟਨਾ ਬਣਾ ਕੇ ਦੁਨੀਆ ਨੂੰ ਜਾਗਰੂਕ ਕਰਨ ਲਈ ਢੰਡੋਰਾ ਦਿੱਤਾ ਸੀ।

ਦੁਨੀਆਂ ਅੰਦਰ ਭਾਵੇਂ ਬਹੁਤ ਸਾਰੀਆਂ ਅਚੇਤ ਸਮਾਜਕ ਤਬਦੀਲੀਆਂ ਹੁੰਦੀਆਂ ਰਹੀਆਂ ਹਨ। ਪਰ ਸੁਚੇਤ ਤੌਰ ‘ਤੇ ਦੁਨੀਆਂ ਅੰਦਰ ਪੈਦਾਵਰੀ ਸਾਧਨਾਂ ਦੀ ਨਿਜੀ ਮਾਲਕੀ ਵਾਲੀ ਧੌਂਸ ਭਰੀ ਰਾਜਸਤਾ ਨੂੰ ਖਤਮ ਕਰਕੇ, ਮਨੁੱਖ ਹੱਥੋ ਮਨੁੱਖ ਰਾਹੀ ਮਨੁੱਖੀ ਕਿਰਤ ਦੀ ਹੁੰਦੀ ਲੁੱਟ-ਖਸੁੱਟ (ਸ਼ੋਸ਼ਣ) ਵਾਲੇ ਰਾਜ ਪ੍ਰਬੰਧ ਦੀ ਥਾਂ, ‘ਕਿਰਤੀ-ਜਮਾਤ ਨੂੰ ਹਕੀਕੀ ‘ਤੇ ਅਮਲੀ ਤੌਰ ‘ਤੇ ਮਾਲਕੀ ਦਾ ਅਧਿਕਾਰ 1917 ਨੂੰ ਪਹਿਲੀ ਵਾਰ ਸੋਵੀਅਤ ਰੂਸ ਅੰਦਰ ਹੀ ਪ੍ਰਾਪਤ ਹੋਇਆ ਸੀ। ਮਹਾਨ ਅਕਤੂਬਰ ਸਮਾਜਵਾਦੀ ਇਨਕਲਾਬ ਜਿਸ ਦੀ ਪ੍ਰਾਪਤੀ ਜੱਥੇਬੰਦਕ ਅਤੇ ਸੁਚੇਤ ਢੰਗ ਨਾਲ ਕਮਿਊਨਿਸਟ ਪਾਰਟੀ ਦੀ ਅਗਵਾਈ ਹੇਠ ਹੋਈ, ਨੇ ਸਮਾਜਕ ਤਬਦੀਲੀ, ਜਿਸ ਨੇ ਅਮਲ ਵਿੱਚ ਪਹਿਲੀ ਵਾਰ ਰੂਸ ਅੰਦਰ ਰਾਜਸਤਾ ਦੱਬੇ-ਕੁਚਲੇ ਲੋਕਾਂ ਕਿਰਤੀ ਵਰਗ ਦੇ ਹੱਥਾਂ ‘ਚ ਦੇ ਕੇ ਇਕ ਰਾਜਸੀ ਸਿਫ਼ਤੀ ਤਬਦੀਲੀ ਨੂੰ ਜਨਮ ਦਿੱਤਾ ਸੀ।ਇਸ ਤਬਦੀਲੀ ਨੇ ਰੂਸ ਹੀ ਨਹੀਂ ਸਗੋਂ ਦੁਨੀਆਂ ਭਰ ‘ਚ ਲੁੱਟ-ਖਸੁੱਟ ਅਤੇ ਨਾ-ਬਰਾਬਰੀ ਤੇ ਗੁਲਾਮ ਦੇਸ਼ਾਂ ਅੰਦਰ ਬਸਤੀਵਾਦੀ ਧੌਂਸ ‘ਤੇ ਲੁੱਟ-ਚੋਂਘ ਵਾਲੀ ਰਾਜਸੀ ਮਾਨਸਿਕਤਾ ਦੇ ਖਾਤਮੇ ਵਿਰੁਧ ਇਕ ਤਕੜੀ ਲਹਿਰ ਨੂੰ ਜਨਮ ਦਿਤਾ ਸੀ।

ਧਿਆਨ ਮਾਰੀਏ ! ਸਵਾ-ਸਦੀ ਤੋਂ ਕੁਝ ਸਮਾਂ ਪਹਿਲਾ ਸੰਸਾਰ ਦੀ ਰਾਜਨੀਤਕ ਦਸ਼ਾ ਦੀ ਹਕੀਕਤ ਕੀ ਸੀ ਅਤੇ ਮਹਾਨ ਅਕਤੂਬਰ ਸਮਾਜਵਾਦੀ ਇਨਕਲਾਬ-1917 ਤੋਂ ਲੈ ਕੇ ਅੱਜ ਤਕ ਕਿੰਨੀ ਤਬਦੀਲੀ ਆਈ ਹੈ ? 1917 ਦੇ ਇਨਕਲਾਬ ਦੇ ਪ੍ਰਭਾਵ ਹੇਠ ਦੁਨੀਆਂ ਦੇ ਕਰੋੜਾਂ ਕਿਰਤੀ ਲੋਕਾਂ ਨੇ ਆਪਣੇ ਹੱਕਾਂ ਦੀ ਪ੍ਰਾਪਤੀ ਲਈ ਬਸਤੀਵਾਦ, ਗੁਲਾਮੀ ਅਤੇ ਧੌਂਸ ਭਰੇ ਵੱਡੇ ਵੱਡੇ ਸਾਮਰਾਜਾਂ ਨੂੰ ਚੱਕਨਾਚੂਰ ਕਰਕੇ ਆਜ਼ਾਦੀਆਂ ਪ੍ਰਾਪਤ ਕੀਤੀਆਂ। ਮਹਾਨ ਰੂਸੀ ਇਨਕਲਾਬ ਦੇ ਇਕ ਮਿਸਾਲੀ ਚਾਂਨਣ ਮੁਨਾਰੇ ਦੀ ਅਗਵਾਈ ਹੇਠ ਹੀ ਗੁਲਾਮ ਦੇਸ਼ਾਂ, ਕੌਮਾਂ ਤੇ ਹੱਕਾਂ ਲਈ ਲੜਦੇ ਆਵਾਮ ਨੂੰ ਖੁਲ੍ਹੀ ਹਵਾ ਦੇ ਬੁਲ੍ਹੇ ਪ੍ਰਾਪਤ ਹੋਏ ? ਏਸ਼ੀਆ, ਲਾਤੀਨੀ ਅਮਰੀਕਾ ‘ਤੇ ਅਫਰੀਕਾ ਮਹਾਂਦੀਪਾਂ ਅੰਦਰ ਕਿਰਤੀ ਲੋਕਾਂ ਨੇ ਮਹਾਨ ਅਕਤੂਬਰ ਤੋਂ ਪ੍ਰੇਰਨਾ ਲੈ ਕੇ ਮੁਕਤੀ ਅੰਦੋਲਨ ਵਿੱਢੇ ਅਤੇ ਬਸਤੀਵਾਦੀ ਸਮਾਰਾਜੀਆਂ ਦੇ ਗੁਲਾਮੀ ਵਾਲੇ ਜੂਲੇ ਲਾਹ ਕੇ ਆਜ਼ਾਦੀਆਂ ਪ੍ਰਾਪਤ ਕੀਤੀਆਂ। ਜੋ ਵੀ ਅੱਜ ਤਕ ਪੂੰਜੀਵਾਦੀ ਸਮਾਜ ਅੰਦਰ ਪ੍ਰਾਪਤ ਹੋਇਆ ਹੈ, ਕਿਰਤੀਆਂ ਨੂੰ ਮਾਲਕਾਂ ਤੇ ਹਾਕਮਾਂ ਵੱਲੋ ਕੋਈ ਰਿਆਇਤਾਂ ਦਿੱਤੀਆ ਗਈਆਂ ਅਤੇ ਸੋਸ਼ਿਤ ਸਮਾਜ ਵਾਲੇ ਪੂੰਜੀਪਤੀਆਂ ਨੇ ਆਪਣੇ ਆਪ ਨੂੰ ਕਲਿਆਣਕਾਰੀ ਰਾਜ ਹੋਣ ਦੀਆਂ ਜੋ ਟਾਹਰਾ ਮਾਰੀਆਂ, ਇਹ ਸਭ ਅਮਲ ਵਿੱਚ ਲਿਆਉਣਾ ਰੂਸੀ ਸਮਾਜਵਾਦੀ ਲਹਿਰਾਂ ਦਾ ਹੀ ਦਬਾਅ ਸੀ।

ਦੁਨੀਆਂ ਅੰਦਰ ਸਮਾਜਵਾਦੀ ਪ੍ਰਭਾਵ ਅਧੀਨ ਹੀ ਕਿਰਤੀ ਵਰਗ ਨੇ ਕਮਿਊਨਿਸਟ ਪਾਰਟੀਆਂ ਦੀ ਅਗਵਾਈ ਵਿੱਚ ਨਵੀਂ ਹੋਂਦ ਵਾਲੇ ਸਮਾਜ ਅੰਦਰ ਪੁਲਾਂਘਾ ਪੁਟੀਆ। ਸਮਾਜਵਾਦੀ ਅਰਥਚਾਰੇ ਦੀ ਸਥਾਪਨਾ ਅਧੀਨ ਕਿਰਤੀਆਂ ਵਲੋਂ ਸਮਾਜਕ, ਆਰਥਿਕ, ਰਾਜਨੀਤਕ ਅਤੇ ਬਰਾਬਰੀ ਦੇ ਅਧਿਕਾਰਾਂ ਨੂੰ ਪ੍ਰਾਪਤ ਕਰਨ ਲਈ ਚਲਾਏ ਗਏ ਜਨ-ਅੰਦੋਲਨਾਂ ਰਾਹੀ ਅਥਾਹ ਜਿਤਾਂ ਪ੍ਰਾਪਤ ਕੀਤੀਆਂ। ਦੁਨੀਆਂ ਦੇ ਗਰੀਬ ਅਤੇ ਪੱਛੜੇ ਦੇਸ਼ਾਂ ਅੰਦਰ ਮਹਾਨ ਅਕਤੂਬਰ ਇਨਕਲਾਬ ਦੇ ਅਰਥਚਾਰੇ ਦੇ ਪ੍ਰਭਾਵ ਅਧੀਨ ਹੀ ਉਥੋਂ ਦੇ ਪੂੰਜੀਵਾਦੀ ਹਾਕਮਾਂ ਵਲੋ ਲੋਕਾਂ ਨੂੰ ਮਾੜੀਆਂ-ਮੋਟੀਆਂ ਰਿਆਇਤਾਂ ਦੇਣੀਆਂ ਪਈਆਂ। ਰੂਸੀ ਸਮਾਜਵਾਦੀ ਅਰਥਚਾਰੇ ਦੀਆ ਪ੍ਰਾਪਤੀਆਂ ਅਤੇ ਬਰਕਤਾਂ ਜਿਨ੍ਹਾਂ ਅੰਦਰ ਹਰ ਮਨੁੱਖ ਨੂੰ ਰੁਜ਼ਗਾਰ ਦੀ ਗ੍ਰੰਟੀ, ਸਿਖਿਆ, ਸਿਹਤ ਅਤੇ ਰਿਹਾਇਸ਼ ਜਿਹੀਆਂ ਬੁਨਿਆਦੀ ਲੋੜਾਂ ਸਰਕਾਰਾਂ ਵੱਲੋ ਪੂਰੀਆਂ ਕਰਨ ਅਤੇ ਅਮਲ ਵਿੱਚ ਲਿਆਉਣ ਨਾਲ ਛਿੜੀ ਇਸ ਚਰਚਾ, ਅਮਲ ਅਤੇ ਬਹਿਸ ਨੇ ਹੀ ਪੂੰਜੀਵਾਦੀ ਸਿਸਟਮ ਨੂੰ ਹਿਲਾ ਕੇ ਰੱਖ ਦਿੱਤਾ। ਜਿਸ ਚਰਚਾ ਨੇ ਹੀ ਪੂੰਜੀਵਾਦੀ ਅਰਥ ਵਿੱਵਸਥਾ ਅੰਦਰ ਲੁੱਟ-ਖਸੁੱਟ ਵਾਲੇ ਰਾਜ-ਪ੍ਰਬੰਧ ਨੂੰ ਪੈਰਾਂ ਤਕ ਹਿਲਾ ਕੇ ਰੱਖ ਦਿਤਾ। ਅੱਜ ਤਕ ਦੁਨੀਆਂ ਦਾ ਪੂੰਜੀਵਾਦ ਰੱਖਿਅਕ ਰੂਪ ਵਿੱਚ ਦੁਨੀਆਂ ਅੰਦਰ ਜੰਗਾਂ ਲਾ ਕੇ ਮਨੁੱਖਤਾ ਦੀ ਤਬਾਹੀ ਕਰ ਰਿਹਾ ਹਮਲਾਵਰੀ ਰੂਪ ਧਾਰੀ ਬੈਠਾ ਹੈ।

ਮਹਾਨ ਅਕਤੂਬਰ ਸਮਾਜਵਾਦੀ ਜਿੱਤ ਨੇ ਦੁਨੀਆਂ ਭਰ ਦੇ ਕਿਰਤੀਆਂ ਨੂੰ ਆਪਣੇ ਬੁਨਿਆਦੀ ਹੱਕਾਂ ਪ੍ਰਤੀ ਉਤਸ਼ਾਹਤ ਕੀਤਾ, ਜਿਸ ਦਾ ਸਦਕਾ ਸਮੇਂ-ਸਮੇਂ ਸਿਰ ਜਨ-ਸਮੂਹ ਦੀ ਬਿਹਤਰੀ ਲਈ ਉਠੀਆਂ ਲੋਕ ਲਹਿਰਾਂ ਨੂੰ ਠੋਸ ਅਤੇ ਹਾਂ-ਪੱਖੀ ਮਾਨਸਿਕ ਅਤੇ ਪਦਾਰਥਕ ਸਹਾਇਤਾ ਅਤੇ ਬਲ ਮਿਲਣ ਕਾਰਨ ਹੀ ਲੁਟੇਰੇ-ਵਰਗਾਂ ਵਿਰੁਧ ਲੁੱਟੇ ਜਾਣ ਵਾਲੇ ਵਰਗ ਵਲੋਂ ਸੰਘਰਸ਼ ਤੇਜ਼ ਹੋਏ ਅਤੇ ਪ੍ਰਾਪਤੀਆਂ ਵੀ ਹੋਈਆਂ। ਇਸੇ ਪੜਾਅ ਅਧੀਨ ਬਸਤੀਵਾਦ ਵਿਰੁਧ ਸ਼ੁਰੂ ਹੋਏ ਸੰਘਰਸ਼ ਜਿਹੜੇ ਕਈ ਪੜਾਵਾਂ ‘ਚ ਅੱਗੋ ਪੁੱਜ ਕੇ ਗੁਲਾਮ ਦੇਸ਼ਾਂ ਦੀ ਮੁਕਤੀ ਸੰਘਰਸ਼ਾਂ ਰਾਹੀ ਆਜ਼ਾਦੀਆਂ ਦੇ ਮੁਹਾਣੇ ਤਕ ਪੁੱਜੇ। ਭਾਰਤ ਸਮੇਤ ਬਹੁਤ ਸਾਰੇ ਗੁਲਾਮ ਦੇਸ਼ਾਂ ਅੰਦਰ ਚਲੀਆਂ ਲੋਕ ਲਹਿਰਾਂ ਨੂੰ ਮਹਾਨ ਅਕਤੂਬਰ ਇਨਕਲਾਬ ਤੋਂ ਪ੍ਰੇਰਨਾ ਹੀ ਨਹੀਂ ਮਿਲੀ, ਸਗੋਂ ਸਮਾਜਕ-ਪ੍ਰੀਵਰਤਨ ਦੇ ਡਰੋਂ ਬਸਤੀਵਾਦੀ ਸਾਮਰਾਜੀਆਂ ਨੇ ਸਮਾਜਵਾਦੀ ਇਨਕਲਾਬ ਕਿਤੇ ਹੋ ਨਾ ਜਾਣ, ਦੇ ਡਰ ਤੋਂ ਭੈਅ-ਭੀਤ ਹੋਣ ਕਾਰਨ ਇਨ੍ਹਾਂ ਦੇਸ਼ਾਂ ਨੂੰ ਆਜਾਦ ਕਰ ਦਿੱਤਾ। ਭਾਰਤ ਅੰਦਰ ਵੀ ਨੇਵੀ ਦੀ ਬਗ਼ਾਵਤ ਅਤੇ ਲੋਕ ਅੰਦੋਲਨਾਂ ਕਾਰਨ ਗੋਰੇ ਸਾਮਰਾਜੀਆਂ ਨੇ ਦੇਸ਼ ਵਿੱਚੋ 1947 ਨੂੰ ਛੱਡ ਜਾਣਾ ਚੰਗਾ ਸਮਝਿਆ। ਚੀਨ, ਉ:ਕੋਰੀਆ, ਕਿਊਬਾ, ਵੀਤਨਾਮ, ਲਾਊਸ ਆਦਿ ਕਈ ਦੇਸ਼ਾਂ ਨੇ ਸਾਮਰਾਜੀ ਪੂੰਜੀਵਾਦੀ ਬਸਤੀਵਾਦੀ ਰਾਜ ਪ੍ਰਬੰਧ ਤੋਂ ਸੰਘਰਸ਼ਾਂ ਰਾਹੀ ਆਜ਼ਾਦੀਆ ਪ੍ਰਾਪਤ ਕਰਕੇ ਸਮਾਜਵਾਦੀ ਰਾਹ ਨੂੰ ਅਪਣਾ ਲਿਆ।

ਮਹਾਨ ਚਿੰਤਕ ਅਤੇ ਸਮਾਜ ਵਿਗਿਆਨੀ ‘ਕਾਰਲ ਮਾਰਕਸ ਅਤੇ ਫਰੈਡਰਿਕ ਏਂਗਲ` ਵੱਲੋ ਦੁਨੀਆਂ ਅੰਦਰ ਮਨੁੱਖੀ ਸਮਾਜ ਦੇ ਵਿਕਾਸ ਅਤੇ ਆਰਥਿਕ ਰਿਸ਼ਤਿਆਂ ਸਬੰਧੀ ਵਿਗਿਆਨਕ ਦ੍ਰਿਸ਼ਟੀਕੋਣ ਪੇਸ਼ ਕਰਦੇ ਹੋਏ ਕਿਹਾ ਸੀ, ‘ਕਿ ਜਦੋਂ ਮਨੁੱਖ ਨੇ ਆਪਣੀ ਨਿਜੀ ਲੋੜ ਤੋਂ ਵੱਧ ਉਤਪਾਦਨ ਕਰਨਾ ਸ਼ੁਰੂ ਕਰ ਦਿੱਤਾ ਸੀ, ਉਸ ਦਿਨ ਤੋਂ ਹੀ ਮਨੁੱਖ ਹੱਥੋ ਮਨੁੱਖ ਦੀ ਲੁੱਟ ਦਾ ਦੌਰ ਸ਼ੁਰੂ ਹੋ ਗਿਆ ਸੀ। ਸਰਮਾਇਆ (ਪੂੰਜੀ) ਕਿਰਤੀ ਦੀ ਉਜ਼ਰਤ ਵਿੱਚੋ ਕਟੌਤੀ ਕਰਕੇ ਇਕੱਠਾ ਕੀਤਾ ਹੋਇਆ ‘ਧਨ` ਹੈ। ਇਸ ‘ਧਨ` ਨੂੰ ਪੂੰਜੀਪਤੀ ਅੱਗੋ ਕਿਰਤੀਆਂ ਦੀ ਹੋਰ ਲੁੱਟ ਕਰਨ ਲਈ ਵਰਤਦੇ ਹਨ। ਮਨੁੱਖੀ ਸਮਾਜ ਦਾ ਇਤਿਹਾਸ ਮਾਲਕ ਤੇ ਮਜ਼ਦੂਰ ਵਿਚਕਾਰ ਸੰਘਰਸ਼ ਦੀ ਗਾਥਾ ਹੈ। ਇਹ ਦੋ ਜਮਾਤਾਂ ਵਿਚਕਾਰ ਜਮਾਤੀ ਘੋਲ ਹੀ ਅੱਗੋ ਮਨੁੱਖੀ ਸਮਾਜ ਦੇ ਇਤਿਹਾਸ ਦੀ ਚਾਲਕ ਸ਼ਕਤੀ ਬਣਦਾ ਹੈ। ਜਦੋਂ ਕਿਰਤੀ-ਜਮਾਤ ਰਾਜਸਤਾ ਨੂੰ ਆਪਣੇ ਹੱਥਾਂ ‘ਚ ਲੈਣ ਦੇ ਸਮਰੱਥ ਹੋ ਜਾਵੇਗੀ ‘ਤੇ ਸਤਾ ਤੇ ਕਬਜ਼ਾ ਕਰਕੇ ਹੀ ਇਸ ਲੁੱਟ ਵਾਲੇ ਵਰਗੀ-ਨਿਜ਼ਾਮ ਨੂੰ ਖਤਮ ਕੀਤਾ ਜਾ ਸੱਕੇਗਾ ? ਮਹਾਨ ਅਕਤੂਬਰ ਸਮਾਜਵਾਦੀ ਇਨਕਲਾਬ, 1917-ਰੂਸ ਨੇ ਇਸ ਧਾਰਨਾ ਨੂੰ ਸਹੀ ਸਾਬਤ ਕਰਦੇ ਹੋਏ ਰੂਸੀ ਰਾਜਸਤਾ ‘ਤੇ ਕਿਰਤੀ ਜਮਾਤ ਦੀ ਸਰਦਾਰੀ ਕਰਕੇ ਉਥੇ ਕਿਰਤੀ ਵਰਗ ਦੀ ਜਿੱਤ ਨੂੰ ਸਾਕਾਰ ਕੀਤਾ ਸੀ। ਸਮਾਜਕ ਤਬਦੀਲੀ ਰਾਹੀਂ ਹੀ ਗਰੀਬੀ-ਅਮੀਰੀ ਵਿਚਕਾਰ ਪੈਦਾ ਹੋਈ ਅਸਮਾਨਤਾ ਦੀ ਧਾਰਨਾ ਨੂੰ ਖਤਮ ਕਰਨ ਲਈ ਵਿਗਿਆਨਕ ਰਾਹ ਪੇਸ਼ ਕੀਤਾ ਸੀ ਜੋ ਰੂਸੀ ਇਨਕਲਾਬ 1917 ਦੀ ਸਮਾਜਵਾਦੀ ਸੋਚ ਸੀ।

ਸੋਵੀਅਤ ਰੂਸ ਅਤੇ ਪੂਰਬੀ ਯੂਰਪ ਦੇ ਦੇਸ਼ਾਂ ਅੰਦਰ ਭਾਵ ਅੱਜ ਤੋਂ ਤਿੰਨ ਦਹਾਕਿਆਂ ਤੋਂ ਪਹਿਲਾ ਉਥੇ ਸਥਾਪਤ ਹੋਏ ਸਮਾਜਵਾਦੀ ਢਾਂਚੇ ਦੇ ਟੁੱਟਣ ਨਾਲ ਕੌਮਾਂਤਰੀ ਪੱਧਰ ‘ਤੇ ਸਮਾਜਵਾਦੀ ਵਿਚਾਰਧਾਰਾ ਅਤੇ ਸੋਚ ਨੂੰ ਭਾਰੀ ਚੋਟਾਂ ਲੱਗੀਆ ਅਤੇ ਠੇਸਾਂ ਵੀ ਪੁੱਜੀਆਂ ਹਨ। ਪਰ ਅੱਜ ਵੀ ਸਮਾਜਵਾਦੀ ਅਰਥਚਾਰੇ ਵਾਲੇ ਕਮਿਊਨਿਸਟ ਪਾਰਟੀ ਦੀ ਅਗਵਾਈ ਹੇਠ ਦੇਸ਼ਾਂ-ਲੋਕ ਚੀਨ, ਕਿਊਬਾ, ਵੀਤਨਾਮ, ਉਤਰੀ ਕੋਰੀਆ, ਲਾਊਸ ਆਦਿ ਦੇਸ਼ਾਂ ਨੇ ਸਮਾਜਵਾਦੀ ਸੋਚ ਅਤੇ ਅਰਥਚਾਰੇ ਦੀ ਉਤਮਤਾ ਨੂੰ ਮੌੋਤੀ ਦਿਵਾਈ ਹੈ ਜੋ ਇਕ ਇਤਿਹਾਸਕ ਪ੍ਰਾਪਤੀ ਹੈ। ਇਸ ਤੋਂ ਘਬਰਾਅ ਕੇ ਅੱਜ ਸਾਮਰਾਜ ਅਤੇ ਉਸ ਦੇ ਉਦਾਰੀਵਾਦੀ ਮੀਡੀਆ ਨੇ ਸਮਾਜਵਾਦੀ ਫਲਸਫ਼ੇ ਅਤੇ ਵਿਚਾਰਧਾਰਾ ਵਿਰੁਧ ਕੂੜ ਪ੍ਰਚਾਰ ਅਤੇ ਗੈਰ-ਵਿਗਿਆਨਕ ਦਲੀਲਾਂ ਰਾਹੀ ਮਾਰਕਸਵਾਦ-ਲੈਨਿਨਵਾਦ ਨੂੰ ਢਾਅ ਲਾਉਣ ਦੇ ਅਸਫ਼ਲ ਯਤਨ ਕੀਤੇ ਜੋ ਅੱਜ ਵੀ ਜਾਰੀ ਹਨ ! ਪਰ ਅੱਜ ਖੁਦ ਪੂੰਜੀਵਾਦੀ ਸਿਸਟਮ ਮੂਧੇ-ਮੂੰਹ ਹੋਇਆ ਖੁਲ੍ਹੀ ਮੰਡੀ, ਮੁਕਤ ਬਾਜ਼ਾਰ, ਵਿਤੀ-ਪੂੰਜੀ, ਵਿਤੀ ਫੰਡ ਵਾਲੀ ਸੰਕਟਾਂ ਭਰੀ ਅਰਥ-ਵਿਵੱਸਥਾ ਨੂੰ ਹਰ ਹੀਲੇ ਬਚਾਉਣ ਲਈ ਫਰਜ਼ੀ ਡਿਜੀਟਲ ਮੀਡੀਆ ਤੇ ਸਾਈਬਰ ਦੇ ਕੂੜ ਪ੍ਰਚਾਰ ਰਾਹੀ ਆਪਣੇ ਮੰਦੇ ਦਾ ਹਲ ਲਭ ਰਿਹਾ ਹੈ, ਜੋ ਗੈਰ-ਮੁਮਕਨ ਜਾਪਦਾ ਹੈ ? ਦੂਸਰੇ ਪਾਸੇ ਕਾਰਪੋਰੇਟ ਘਰਾਣਿਆ ਦੇ ਮੁਨਾਫਿਆਂ ਨੂੰ ਬਰਕਰਾਰ ਰੱਖ ਕੇ ਦੁਨੀਆਂ ਨੂੰ ਆਰਥਿਕ ਅਸਮਾਨਤਾ, ਭੁੱਖਮਰੀ, ਗਰੀਬੀ, ਬੇਰੁਜ਼ਗਾਰੀ ਵਾਲੀ ਤਬਾਹੀ ਵੱਲ ਧੱਕ ਰਿਹਾ ਤੇ ਹਮਲਾਵਰੀ ਰੁੱਖ ਧਾਰਕੇ ਜੰਗ ਲਾ ਰਿਹਾ ਹੈ।

ਅੱਜ ਸਾਰੇ ਸੰਸਾਰ ਅੰਦਰ ਸੰਕਟ-ਗ੍ਰਸਤ ਪੂੰਜੀਵਾਦੀ ਅਰਥ ਵਿਵੱਸਥਾਵਾਂ ਦੇ ਚਲਦਿਆਂ ਬਹੁਤ ਸਾਰੇ ਦੇਸ਼ਾਂ ਅੰਦਰ ਕਿਰਤੀ-ਜਮਾਤ ਵੱਲੋ ਵਿਰੋਧ ਵਿਖਾਵੇ ਅਤੇ ਸੰਘਰਸ਼ ਤੇਜ਼ ਹੋ ਰਹੇ ਹਨ। ਦੱਖਣੀ ਲਾਤੀਨੀ ਦੇਸ਼ਾਂ ਬੋਲੀਵੀਆ, ਵੈਨਜੂਏਲਾ, ਨਿਕਾਰਾਗੁਆ, ਪੇਰੂ, ਬਰਾਜ਼ੀਲ, ਚਿਲੀ ਆਦਿ ਦੇਸ਼ਾਂ ਅੰਦਰ ਹੋਈਆਂ ਰਾਜਨੀਤਕ, ਤਬਦੀਲੀਆਂ ਨੇ ਉਥੋਂ ਦੀ ਰਾਜਨੀਤੀ ਅੰਦਰ ਸਮਾਜਵਾਦੀ ਵਿਚਾਰਧਾਰਾ ਵੱਲ ਰੁੱਖ ਮੋੜਿਆ ਹੈ। ਅਰਜਨਟੀਨਾ, ਬਰਾਜ਼ੀਲ, ਕਲੰਬੀਆ, ਮੈਕਸੀਕੋ, ਊਰੋਗਾਏ ਆਦਿ ਦੇਸ਼ਾਂ ਅੰਦਰ ਵੀ ਕਿਰਤੀ ਲੋਕਾਂ ਵੱਲੋਂ ਖੱਬੀ ਸੋਚ ਵਾਲੇ ਸਮਾਜਵਾਦੀ ਰਾਹ ਵੱਲ ਮੋੜੇ ਕੱਟਣੇ ਸ਼ੁਰੂ ਕੀਤੇ ਹਨ। ਉਥੋਂ ਦੇ ਲੋਕ ਪੂੰਜੀਵਾਦ ਨੂੰ ਰੱਦ ਕਰਨ ਅਤੇ ਸਮਾਜਵਾਦੀ ਸਮਾਜ ਦੀ ਸਿਰਜਨਾ ਵਲ ਕਦਮ ਪੁੱਟਣ ਦੀਆਂ ਪਹਿਲ ਕਦਮੀਆਂ ਲੈ ਕੇ ਭੁੱਖਮਰੀ, ਗਰੀਬੀ, ਬੇਰੁਜ਼ਗਾਰੀ ਅਤੇ ਪੂੰਜੀਵਾਦੀ ਸ਼ੋਸ਼ਣ ਵਿਰੁੱਧ ਸੰਘਰਸ਼ਸ਼ੀਲ ਹੋ ਰਹੇ ਹਨ ਜੋ ਇਕ ਹਾਂ ਪੱਖੀ ਰੁਝਾਂਨ ਹਨ। ਦੂਸਰੇ ਪਾਸੇ ਬਰਿਕ, ਸਿੰਘਾਈ ਕੋ-ਅਪਰੇਸ਼ਨ, ਨਾਟੋ ਵਿਰੁਧ ਰੂਸ-ਯੂਕਰੇਨ ਜੰਗ ਅੰਦਰ ਰੂਸ ਦਾ ਪੈਤੜਾ, ਮੋਜੂਦਾ ਫਲਸਤੀਨ ਤੇ ਯਮਨ ਮੱਸਲਿਆ ਅੰਦਰ ਰੂਸ-ਚੀਨ ਨੇੜਤਾ ਆਦਿ ਬਹੁ-ਧਰੁਵੀ ਸਮੀਕਰਨਾਂ ਵੱਲ ਮੋੜੇ ਕੱਟੇ ਜਾ ਰਹੇ ਹਨ, ਜੋ ਸਿਫਤੀ ਤਬਦੀਲੀਆਂ ਹਨ। ਜਿਨ੍ਹਾ ਨੂੰ ਮਿਕਦਾਰੀ ਤਬਦੀਲੀਆਂ ਵਿੱਚ ਬਦਲਣ ‘ਚ ਸਮਾਂ ਤਾਂ ਲੱਗੇਗਾ ਹੀ ?

ਮਹਾਨ ਅਕਤੂਬਰ ਸਮਾਜਵਾਦੀ ਇਨਕਲਾਬ ਦੀ ਇਤਿਹਾਸਕ ਮਹੱਤਤਾ ਅਤੇ ਯੁੱਗ ਪਲਟਾਊ ਘਟਨਾਵਾਂ ਦੀਆਂ ਅਹਿਮ ਸਿਖਿਆਵਾਂ ਨੇ ਇਹ ਸਿੱਧ ਕਰ ਦਿੱਤਾ ਹੈ ਕਿ ਮਾਰਕਸਵਾਦ-ਲੈਨਿਨਵਾਦ ਅੱਜ ਵੀ ਸੰਪੂਰਨ ਅਤੇ ਸਿਧਾਂਤਕ ਪ੍ਰਪੱਕ ਸਮਾਜਕ-ਵਿਗਿਆਨਕ ਹੈ ਜੋ ਲੁੱਟ-ਖਸੁਟ ਵਾਲੀ ਰਾਜਸਤਾ ਨੂੰ ਕੇਵਲ ਬਗਾਵਤ ਕਰਕੇ ਹੀ ਨਹੀਂ, ਸਗੋਂ ਸੁਚੇਤ ਤੌਰ ‘ਤੇ ਵਰਗ-ਸੰਘਰਸ਼ ਨੂ਼ੰ ਕਮਿਊਨਿਸਟ ਪਾਰਟੀ ਦੀ ਅਗਵਾਈ ਵਿੱਚ ਹੀ ਬਦਲ ਕੇ ਸੁਚੇਤ ਰੂਪ ਵਿੱਚ ਇਨਕਲਾਬ ਹੋ ਸਕਦਾ ਹੈ। ਇਹ ਵੀ ਇਤਿਹਾਸਕ ਸਚਾਈ ਹੈ ਕਿ ਕਿਰਤੀ-ਜਮਾਤ ਦੀ ਅਗਵਾਈ ‘ਚ ਇਨਕਲਾਬੀ ਕਮਿਊਨਿਸਟ ਪਾਰਟੀ ਜੋ ਵਿਗਿਆਨਕ ਪਰ ਕਾਰਜ਼ਾਂ ‘ਚ ਪੂਰੀ ਤਰ੍ਹਾਂ ਲੈੱਸ ਹੋਵੇ ਅਤੇ ਮਾਰਕਸਵਾਦੀ-ਲੈਨਿਨਵਾਦੀ ਸਿਧਾਂਤ ਨਾਲ ਪ੍ਰਪੱਕ ਹੋਵੇ, ਹੀ ਸਮਾਜਕ ਪ੍ਰੀਵਰਤਨ ਲਿਆ ਕੇ ਵਿਗਿਆਨਕ ਸਮਾਜਵਾਦ ਵੱਲ ਵੱਧ ਸਕਦੀ ਹੈ। ਦੇਸ਼ ਦੀਆਂ ਠੋਸ ਹਕੀਕੀ ਹਾਲਤਾਂ, ਵਰਗ ਸੰਘਰਸ਼ ਅੰਦਰ ਜਮਾਤੀ ਦੁਸ਼ਮਣ ਦੀ ਪਛਾਣ ਅਤੇ ਦੋਸਤਾਂ ਨਾਲ ਨੇੜਤਾ ਹੀ ਜਮਹੂਰੀ ਮੋਰਚੇ ਦੀ ਸਥਾਪਨਾ ਕਰਕੇ ਲੁੱਟ-ਖਸੁੱਟ ਵਾਲੀ ਰਾਜਸੱਤਾ ਨੂੰ ਜੜ੍ਹੋ ਪੁੱਟਣ ਲਈ ਲੋਕ ਜਮਹੂਰੀ ਇਨਕਲਾਬ ਵੱਲ ਵੱਧਿਆ ਜਾ ਸਕਦਾ ਹੈ।

ਸਮਾਜਵਾਦੀ ਧਿਰਾਂ (ਬਲਾਕ) ਦੇ ਏਕੇ ਅਤੇ ਕਮਜ਼ੋਰ ਹੋਣ ਕਰਕੇ ਕੌਮਾਂਤਰੀ ਸ਼ਕਤੀਆਂ ਦੇ ਸੰਤੁਲਨ ਵਿੱਚ ਬਦਲਾਅ ਆਉਣਾ ਵੀ ਲਾਜ਼ਮੀ ਹੈ। ਦੁਨੀਆਂ ਅੰਦਰ ਜਮਹੂਰੀ, ਲੋਕਪੱਖੀ ਅਤੇ ਖੱਬੇ ਪੱਖੀ ਸ਼ਕਤੀਆਂ ਜੋ ਆਵਾਮ ਦੀਆਂ ਮੁਸ਼ਕਲਾਂ ਦੇ ਹੱਲ ਲਈ ਸੰਘਰਸ਼ਾਂ ਲਈ ਤੱਤਪਰ ਰਹਿੰਦੀਆਂ ਸਨ, ‘ਦੇ ਮੁਕਾਬਲੇ ਅੱਜ ਬਹੁ-ਕੌਮੀ ਕਾਰਪੋਰੇਸ਼ਨਾਂ ਅਤੇ ਸਥਾਨਕ ਪੂੰਜੀਵਾਦੀ ਲੋਟੂ ਘਰਾਣੇ ਜੋ ਮੌਜੂਦਾ ਵੋਟ ਪ੍ਰਕਿਰਿਆ ਰਾਹੀ ਕਾਬਜ਼ ਹੋ ਰਹੇ ਹਨ, ਪੂੰਜੀਪਤੀ ਹਾਕਮਾਂ ਨਾਲ ਮਿਲ ਕੇ ਆਪਣੇ ਮੁਨਾਫ਼ਿਆਂ ਅਤੇ ਲਾਭਾਂ ਨੂੰ ਵਧਾਉਣ ਲਈ ਆਮ ਲੋਕਾਂ ‘ਤੇ ਆਰਥਿਕ ਬੋਝ ਪਾ ਰਹੇ ਹਨ। ਛਾਂਟੀਆਂ, ਕਫਾਇਤ, ਨਿਜੀਕਰਨ, ਜੁਜ਼-ਵਕਤੀ ਠੇਕੇ ‘ਤੇ ਨੌਕਰੀਆਂ ਦੇ ਕੇ ਕਿਰਤੀਆਂ ਦਾ ਵੱਧ ਤੋਂ ਵੱਧ ਸ਼ੋਸ਼ਣ ਕਰ ਰਹੇ ਹਨ। ਇਸ ਆਰਥਿਕ ਲੁੱਟ ਦੇ ਖਾਤਮੇ ਲਈ ਮਹਾਨ ਅਕਤੂਬਰ ਸਮਾਜਵਾਦੀ ਇਨਕਲਾਬ ਕਿਰਤ ਦੀ ਰਾਖੀ ਲਈ ਸਾਨੂੰ ਅੱਜ ਵੀ ਸੰਘਰਸ਼ਾਂ ਲਈ ਸੁਨੇਹਾ ਦੇ ਰਿਹਾ ਹੈ।

ਆਉ ! ਆਰਥਿਕ ਬਰਾਬਰਤਾ ਲਈ ਅਤੇ ਕਿਰਤ ਦੀ ਲੁੱਟ ਵਿਰੁਧ ਅਸੀਂ ਆਪਣੀਆਂ ਆਉਣ ਵਾਲੀਆਂ ਪੀੜੀਆਂ ਦੇ ਉਜਲੇ ਭਵਿੱਖ ‘ਤੇ ਸਮਾਜਕ ਪ੍ਰੀਵਰਤਨ ਲਿਆਉਣ ਲਈ 7-ਨਵੰਬਰ ਮਹਾਨ ਅਕਤੂਬਰ ਸਮਾਜਵਾਦੀ ਇਨਕਲਾਬ ਦੀਆਂ ਇਨਕਲਾਬੀ ਪ੍ਰੰਪਰਾਵਾਂ ਨੂੰ ਅੱਗੇ ਵਧਾਉਂਦੇ ਹੋਏ ਹੱਕਾਂ ਦੀ ਰਾਖੀ ਲਈ ਚਲ ਰਹੇ ਸੰਘਰਸ਼ਾਂ ‘ਤੇ ਲਹਿਰ ‘ਚ ਬਣਦਾ ਯੋਗਦਾਨ ਪਾਈਏ !!!

ਮਹਾਨ ! (ਸਮਾਜਵਾਦੀ) ਅਕਤੂਬਰ ਇਲਕਲਾਬ, ਜਿੰਦਾਬਾਦ !

 

 

91-9217997445 ਜਗਦੀਸ਼ ਸਿੰਘ ਚੋਹਕਾ

001-403-285-4208 ਕੈਲਗਰੀ (ਕੈਨੇਡਾ)

[email protected]

 

Loading

Scroll to Top
Latest news
राज्य स्तरीय प्रतियोगिता के तहत वालीबॉल (स्मैशिंग) एवं शतरंज प्रतियोगिता 15 को एक दिन में रिकॉर्ड  लिफ्टिंग; जालंधर प्रशासन ने एक दिन में 38 हजार मीट्रिक टन से ज्यादा धान की लिफ्ट... स्पर्श पेंशनरों / फॅमिली पेंशनरों के वार्षिक पहचान तथा शिकायतों के समाधान हेतु "स्पर्श आउटरीच कार्यक... यूथ अकाली दल ने श्री गुरु नानक देव जी के प्रकाश पर्व के अवसर पर पूरे पंजाब में दस्तार कैंप लगाकर मना... ਪੰਜਾਬ ਸਰਕਾਰ ਨੇ ਨਿਗਮ ਚੋਣਾਂ ਦੀ ਤਿਆਰੀ ਵਿੱਢੀ ਸੂਬਾਈ ਅਤੇ ਉੱਤਰੀ ਖੇਤਰੀ ਮੁਕਾਬਲੇ ਵਿੱਚ ਸੀਬੀਐਸਈ ਭੀਖੀ ਦੇ ਬੱਚਿਆਂ ਦਾ ਸ਼ਾਨਦਾਰ ਪ੍ਰਦਰਸ਼ਨ ਸਕੇਟਿੰਗ ਖੇਡਾਂ ਵਿੱਚ ਸ੍ਰੀ ਤਾਰਾ ਚੰਦ ਵਿੱਦਿਆ ਮੰਦਰ, ਭੀਖੀ ਦੇ ਵਿਿਦਆਰਥੀਆਂ ਨੇ ਪ੍ਰਾਪਤ ਕੀਤੇ ਮੈਡਲ ਦਿਵਿਆਂਗ ਵਿਅਕਤੀਆਂ ਨੂੰ ਖੇਡਾਂ ਵੱਲ ਪ੍ਰੇਰਿਤ ਕਰਨਾ ਮੇਰਾ ਮਕ਼ਸਦ - ਮਾ ਵਰਿੰਦਰ ਸੋਨੀ सरकारी स्पोर्टस कालेज में 6 से 13 नवंबर तक अग्निवीर भर्ती रैली- एस.डी.एम. ने लिया प्रबंधों का जायज़ा भारतीय सेना द्वारा केडेटों और छात्र / छात्राओं के लिये आधुनिक हथियारों की प्रदर्शनी