ਜਲੰਧਰ (Jatinder Rawat)- 40ਵੇਂ ਇੰਡੀਅਨ ਆਇਲ ਸਰਵੋ ਸੁਰਜੀਤ ਹਾਕੀ ਟੂਰਨਾਮੈਂਟ ਦੇ ਪਹਿਲੇ ਸੈਮੀਫਾਇਨਲ ਵਿੱਚ ਆਰਮੀ ਇਲੈਵਨ ਦਿੱਲੀ ਦਾ ਮੁਕਾਬਲਾ ਕੈਗ ਦਿੱਲੀ ਨਾਲ ਅਤੇ ਦੂਜੇ ਸੈਮੀਫਾਇਨਲ ਵਿੱਚਇੰਡੀਅਨ ਆਇਲ ਮੁੰਬਈ ਦਾ ਮੁਕਾਬਲਾ ਪੰਜਾਬ ਪੁਲਿਸ ਜਲੰਧਰ ਨਾਲ ਵੀਰਵਾਰ ਸ਼ਾਮ ਨੂੰ ਹੋਵੇਗਾ। ਉਲੰਪੀਅਨ ਸੁਰਜੀਤ ਹਾਕੀ ਸਟੇਡੀਅਮ ਵਿਖੇ ਜਾਰੀ ਉਕਤ ਟੂਰਨਾਮੈਂਟ ਦੇ ਆਖਰੀ ਲੀਗ ਮੈਚਾਂ ਵਿੱਚ ਕੈਗ ਦਿੱਲੀ ਨੇ ਭਾਰਤੀ ਏਅਰ ਫੋਰਸ ਦਿੱਲੀ ਨੂੰ 1-0 ਨਾਲ ਹਰਾ ਕੇ ਸੈਮੀਫਾਇਨਲ ਵਿੱਚ ਸਥਾਨ ਬਣਾਇਆ।ਪੂਲ ਏ ਵਿੱਚ ਇੰਡੀਅਨ ਆਇਲ 9 ਅੰਕ ਹਾਸਲ ਕਰਕੇ ਪਹਿਲੇ ਸਥਾਨ ਤੇ ਪਹਿਲਾਂ ਹੀ ਪਹੁੰਚ ਚੁੱਕੀ ਹੈ ਜਦਕਿ ਕੈਗ ਦਿੱਲੀ ਨੇ ਤਿੰਨ ਮੈਚਾਂ ਵਿੱਚ 6 ਅੰਕ ਹਾਸਲ ਕਰਕੇ ਪੂਲ ਏ ਵਿੱਚ ਦੂਜਾ ਸਥਾਨ ਹਾਸਲ ਕੀਤਾ ਹੈ।
ਜਦਕਿ ਦੂਜੇ ਮੈਚ ਵਿੱਚ ਆਰਮੀ ਇਲੈਵਨ ਦਿੱਲੀ ਨੇ ਪੰਜਾਬ ਨੈਸ਼ਨਲ ਬੈਂਕ ਦਿੱਲੀ ਨੂੰ 4-3 ਦੇ ਫਰਕ ਨਾਲ ਹਰਾ ਕੇ ਸੈਮੀਫਾਇਨਲ ਵਿੱਚ ਸਥਾਨ ਬਣਾਇਆ।ਪੂਲ ਬੀ ਵਿੱਚ ਆਰਮੀ ਨੇ ਤਿੰਨ ਲੀਗ ਮੈਚਾਂ ਵਿੱਚ ਦੋ ਜਿੱਤਾਂ ਦਰਜ ਕਰਕੇ ਅਤੇ ਇਕ ਮੈਚ ਬਰਾਬਰੀ ਤੇ ਰੱਖ ਕੇ ਕੁਲ 7 ਅੰਕ ਹਾਸਲ ਕਰਕੇ ਪਹਿਲਾ ਸਥਾਨ ਹਾਸਲ ਕੀਤਾ ਜਦਕਿ ਪੰਜਾਬ ਪੁਲਿਸ ਨੇ ਤਿੰਨ ਲੀਗ ਮੈਚਾਂ ਵਿੱਚ ਦੋ ਜਿੱਤਾਂ ਦਰਜ ਕਰਕੇ 6 ਅੰਕ ਹਾਸਲ ਕੀਤੈ ਅਤੇ ਪੂਲ ਵਿੱਚ ਦੂਜਾ ਸਥਾਨ ਹਾਸਲ ਕੀਤਾ।
ਅੱਜ ਦਾ ਪਹਿਲਾ ਮੈਚ ਪੂਲ ਏ ਵਿੱਚ ਭਾਰਤੀ ਏਅਰ ਫੋਰਸ ਦਿੱਲੀ ਅਤੇ ਕੈਗ ਦਿੱਲੀ ਦਰਮਿਆਨ ਖੇਡਿਆ ਗਿਆ। ਮੈਚ ਦੇ ਆਖਰੀ ਪਲਾਂ ਤੱਕ ਦੋਵੇਂ ਟੀਮਾਂ ਇਕ ਦੂਜੇ ਤੇ ਹਮਲੇ ਕਰਦੀਆਂ ਰਹੀਆਂ ਪਰ ਕੋਈ ਵੀ ਟੀਮ ਗੋਲ ਨਾ ਕਰ ਸਕੀ। ਮੈਚ ਦੇ 57ਵੇਂ ਮਿੰਟ ਵਿੱਚ ਕੈਗ ਦਿੱਲੀ ਦੇ ਸੂਰਿਆ ਪ੍ਰਕਾਸ਼ ਪਟਲੂਰੀ ਨੇ ਮੈਦਾਨੀ ਗੋਲ ਕਰਕੇ ਸਕੋਰ 1-0 ਕੀਤਾ। ਇਸ ਤੋਂ ਪਹਿਲੇ ਮੈਚ ਵਿੱਚ ਕੈਗ ਦਿੱਲੀ ਨੇ ਪੰਜਾਬ ਐਂਡ ਸਿੰਧ ਬੈਂਕ ਦਿੱਲੀ ਨੂੰ 5-2 ਦੇ ਫਰਕ ਨਾਲ ਹਰਾਇਆ ਸੀ ਜਦਕਿ ਇਕ ਮੈਚ ਵਿੱਚ ਇੰਡੀਅਨ ਆਇਲ ਹੱਥੋਂ 7-1 ਨਾਲ ਕਰਾਰੀ ਹਾਰ ਦਾ ਸਾਹਮਣਾ ਕਰਨਾ ਪਿਆ ਸੀ।
ਦੂਜਾ ਮੈਚ ਪੂਲ ਬੀ ਵਿੱਚ ਆਰਮੀ ਇਲੈਵਨ ਦਾ ਮੁਕਾਬਲਾ ਪੰਜਾਬ ਨੈਸ਼ਨਲ ਬੈਂਕ ਦਿੱਲੀ ਦਰਮਿਆਨ ਖੇਡਿਆ ਗਿਆ।ਖੇਡ ਦੇ 12ਵੇਂ ਮਿੰਟ ਵਿੱਚ ਪੰਜਾਬ ਨੈਸ਼ਨਲ ਬੈਂਕ ਦਾ ਗੁਰਸਿਮਰਨ ਸਿੰਘ ਪੈਨਲਟੀ ਸਟਰੋਕ ਨੂੰ ਗੋਲ ਵਿੱਚ ਨਹੀਂ ਬਦਲ ਸਕਿਆ ਪਰ ਖੇਡ ਦੇ 16ਵੇਂ ਮਿੰਟ ਵਿੱਚ ਪੰਜਾਬ ਨੈਸ਼ਨਲ ਬੈਂਕ ਦਿੱਲੀ ਦੇ ਸੰਜੇ ਨੇ ਪੈਨਲਟੀ ਕਾਰਨਰ ਰਾਹੀਂ ਗੋਲ ਕਰਕੇ ਸਕੋਰ 1-0 ਕੀਤਾ। 19ਵੇਂ ਮਿੰਟ ਵਿੱਚ ਬੈਂਕ ਦੇ ਗੁਰਸਿਮਰਨ ਸਿੰਘ ਨੇ ਪੈਨਲਟੀ ਕਾਰਨਰ ਨੂੰ ਗੋਲ ਵਿੱਚ ਬਦਲ ਕੇ ਸਕੋਰ 2-0 ਕੀਤਾ। 22ਵੇਂ ਮਿੰਟ ਵਿੱਚ ਆਰਮੀ ਦੇ ਪਰਮਜੀਤ ਸਿੰਘ ਨੇ ਪੈਨਲਟੀ ਕਾਰਨਰ ਰਾਹੀਂ ਗੋਲ ਕਰਕੇ ਸਕੋਰ 1-2 ਕੀਤਾ। ਖੇਡ ਦੇ 23ਵੇਂ ਮਿੰਟ ਵਿੱਚ ਬੈਂਕ ਦੇ ਗੁਰਜਿੰਦਰ ਸਿੰਘ ਨੇ ਮੈਦਾਨੀ ਗੋਲ ਕਰਕੇ ਸਕੋਰ 3-1 ਕੀਤਾ। ਖੇਡ ਦੇ 57ਵੇਂ ਮਿੰਟ ਵਿੱਚ ਆਰਮੀ ਦੇ ਹਰਮਨ ਸਿੰਘ ਨੇ ਗੋਲ ਕਰਕੇ ਸਕੋਰ 2-3 ਕੀਤਾ। ਅਗਲੇ ਹੀ ਮਿੰਟ ਆਰਮੀ ਦੇ ਸੁਨੀਲ ਨੇ ਮੈਦਾਨੀ ਗੋਲ ਕਰਕੇ ਸਕੋਰ 3-3 ਕਰ ਦਿੱਤਾ।ਆਖਰੀ ਮਿੰਟ ਵਿੱਚ ਆਰਮੀ ਦੇ ਹਰਮਨ ਸਿੰਘ ਨੇ ਪੈਨਲਟੀ ਕਾਰਨਰ ਨੂੰ ਗੋਲ ਵਿੱਚ ਬਦਲ ਕੇ ਸਕੋਰ 4-3 ਕਰਕੇ ਮੈਚ ਜਿੱਤ ਲਿਆ। ਇਸ ਜਿੱਤ ਨਾਲ ਆਰਮੀ ਨੇ ਤਿੰਨ ਮੈਚਾਂ ਤੋਂ ਬਾਅਦ 7 ਅੰਕ ਹੋ ਗਏ।