ਫਰਿਜ਼ਨੋ, ਕੈਲੇਫੋਰਨੀਆਂ (ਰਾਜ ਗੋਗਨਾ )— ਪੰਜਾਬੀ ਸੱਭਿਆਚਾਰ ਅਤੇ ਗਾਇਕੀ ਦਾ ਮਾਣ, ਤੂੰਬੀ ਦੇ ਬਾਦਸ਼ਾਹ ਮਰਹੂਮ ਕਲਾਕਾਰ ਉਸਤਾਦ ਲਾਲ ਚੰਦ ਯਮਲਾ ਜੱਟ ਦਾ 22ਵਾਂ ਯਾਦਗਾਰੀ ਮੇਲਾ ਲਾਇਆ ਗਿਆ। ਜਿਸ ਦੀ ਸੁਰੂਆਤ ਉਸਤਾਦ ਲਾਲ ਚੰਦ ਯਮਲਾ ਜੱਟ ਦੀ ਤਸਵੀਰ ਉੱਪਰ ਸਰਧਾ ਦੇ ਫੁੱਲ ਭੇਟ ਕਰਦੇ ਹੋਏ ਹਾਰ ਪਾਉਣ ਉਪਰੰਤ ਪਿਛਲੇ ਸਾਲਾ ਦੌਰਾਨ ਮੇਲਾ ਕਮੇਟੀ ਦੀਆਂ ਵਿੱਛੜ ਚੁੱਕੀਆਂ ਰੂਹਾਂ ਨੂੰ ਵੀ ਦੋ ਮਿੰਟ ਦਾ ਮੋਨ ਰੱਖਦੇ ਹੋਏ ਸਰਧਾਜ਼ਲੀ ਦਿੱਤੀ ਗਈ। ਇਸ ਬਾਅਦ ਚਲੇ ਗਾਇਕੀ ਦੇ ਖੁੱਲ੍ਹੇ ਅਖਾੜੇ ਵਿੱਚ ਯਮਲਾ ਜੱਟ ਦੇ ਲਾਡਲੇ ਸ਼ਾਗਿਰਦ ਅਤੇ ਮੇਲਾ ਕਮੇਟੀ ਦੇ ਪ੍ਰੈਜ਼ੀਡੈਂਟ ਰਾਜਿੰਦਰ ਬਰਾੜ, ਉਰਫ ਰਾਜ ਬਰਾੜ ਯਮਲਾ ਨੇ ਆਪਣੀ ਗਾਇਕੀ ਰਾਹੀ ਖੂਬ ਰੰਗ ਬੰਨੇ। ਜਿਸ ਬਾਅਦ ਗਾਇਕ ਅਵਤਾਰ ਗਰੇਵਾਲ, ਪੱਪੀ ਭਦੌੜ, ਕਮਲਜੀਤ ਬੈਨੀਪਾਲ, ਗੌਗੀ ਸੰਧੂ, ਬਾਈ ਕੁੰਦਨ ਧਾਮੀ ਆਦਿਕ ਨੇ ਯਮਲਾ ਜੀ ਦੇ ਅਤੇ ਆਪਣੇ ਗੀਤਾਂ ਰਾਹੀ ਹਾਜ਼ਰੀ ਭਰਦੇ ਹੋਏ ਹਾਜ਼ਰੀਨ ਦਾ ਭਰਪੂਰ ਮੰਨੋਰੰਜਨ ਕੀਤਾ। ਜਦ ਕਿ ਸਰੋਤਿਆਂ ਦੀ ਮੰਗ ਨੂੰ ਮੁੱਖ ਰੱਖਦੇ ਦੁਗਾਣਾ ਜੋੜੀ ਵਿੱਚ ਸੁਲਤਾਨ ਅਖਤਰ ਅਤੇ ਹਰਜੀਤ ਜੀਤੀ ਨੇ ਸੋਲੋ ਅਤੇ ਦੁਗਾਣਿਆਂ ਰਾਹੀ ਖੂਬ ਵਾਹ-ਵਾਹ ਖੱਟੀ। ਪ੍ਰੋਗਰਾਮ ਦੌਰਾਨ ਸਟੇਜ਼ ਸੰਚਾਲਨ ਕੁਲਵੰਤ ਉੱਭੀ ਧਾਲੀਆਂ ਅਤੇ ਜਸਵੰਤ ਮਹਿੰਮੀ ਨੇ ਬਾਖੂਬੀ ਸ਼ਾਇਰਾਨਾ ਅੰਦਾਜ਼ ਵਿੱਚ ਕੀਤਾ। ਸੁਆਦਿਸ਼ਟ ਖਾਣਿਆਂ ਦੇ ਮਾਹਰ ਸ਼ੌਕਤ ਅਲੀ ਦੁਆਰਾ ਬਣਾਏ ਚਾਹ-ਪਕੌੜੇ, ਜਲੇਬੀਆਂ, ਛੋਲੇ-ਪੂਰੀਆਂ ਆਦਿਕ ਦੇ ਲੰਗਰ ਖੁੱਲ੍ਹੇ ਚੱਲੇ। ਸਮੁੱਚੇ ਪ੍ਰੋਗਰਾਮ ਦੌਰਾਨ ਸੰਗੀਤ ਬੱਗਾ ਅਤੇ ਅਮਰੀਕ ਐਂਡ ਪਾਰਟੀ ਵੱਲੋਂ ਦਿੱਤਾ ਗਿਆ। ਜਦ ਕਿ ਖੁੱਲ੍ਹੇ ਅਖਾੜੇ ਵਿੱਚ ਸਪੀਕਰਾਂ ਦੀ ਗੂੰਜ਼ ਬਹੁ-ਪੱਖੀ ਸਖਸ਼ੀਅਤ ਵਿਜੈ ਸਿੰਘ ਨੇ ਪਵਾਈ। ਅੰਤ ਰਾਜ ਬਰਾੜ ਯਮਲੇ ਨੇ ਸਭ ਹਾਜ਼ਰੀਨ ਦਾ ਸਹਿਯੋਗ ਲਈ ਧੰਨਵਾਦ ਕੀਤਾ। ਉਸਤਾਦ ਲਾਲ ਚੰਦ ਯਮਲਾ ਜੱਟ ਦੀ ਗਾਇਕੀ ਅਤੇ ਗੀਤਕਾਰੀ ਨੂੰ ਸਿੱਜਦਾ ਕਰਦੇ ਹੋਏ, ਅੰਤ ਆਪਣੀਆਂ ਅਮਿੱਟ ਪੈੜਾਂ ਛੱਡਦਾ ਹੋਇਆ ਮੇਲਾ ਯਾਦਗਾਰੀ ਹੋ ਨਿਬੜਿਆ।