ਅਮਰੀਕਾ ਦੇ ਸ਼ਹਿਰ ਸੈਕਰਾਮੇਂਟੋ ਵਿਚ ਰਹਿਣ ਵਾਲੇ ਲਖਵਿੰਦਰ ਸਿੰਘ ਅਮਰੀਕਾ ਤੋਂ ਆਪਣੀ ਗੱਡੀ ਲੈ ਕੇ ਭਾਰਤ ਪਹੁੰਚੇ। ਉਨ੍ਹਾਂ ਨੇ 34 ਦਿਨਾਂ ਵਿਚ 20 ਦੇਸ਼ਾਂ ਦੀ ਸੈਰ ਕੀਤੀ ਤੇ 20 ਹਜ਼ਾਰ ਕਿਲੋਮੀਟਰ ਦਾ ਸਫਰ ਤੈਅ ਕਰਕੇ ਭਾਰਤ ਪਹੁੰਚੇ। ਲਖਵਿੰਦਰ ਸਿੰਘ ਨੇ ਦੱਸਿਆ ਕਿ ਕੋਰੋਨਾ ਸਮੇਂ ਲੋਕਾਂ ਨੂੰ ਵਿਛੜਦੇ ਹੋਏ ਦੇਖਿਆ ਤਾਂ ਉਨ੍ਹਾਂ ਦੇ ਮਨ ਵਿਚ ਕੁਝ ਵੱਖਰਾ ਕਰਨ ਦਾ ਖਿਆਲ ਆਇਆ। ਲਖਵਿੰਦਰ ਸਿੰਘ ਨੇ ਦੱਸਿਆ ਕਿ ਪਲਾਨਿੰਗ ਕਰਨ ਵਿਚ 3 ਸਾਲ ਦਾ ਸਮਾਂ ਲੱਗ ਗਿਆ ਤੇ ਕਾਗਜ਼ਾਤ ਪੂਰੇ ਹੁੰਦੇ ਹੀ ਉਹ ਅਮਰੀਕਾ ਤੋਂ ਭਾਰਤ ਲਈ ਆਪਣੀ ਗੱਡੀ ਲੈ ਕੇ ਨਿਕਲ ਪਏ। ਅਮਰੀਕਾ ਤੋਂ ਉਨ੍ਹਾਂ ਨੇ ਆਪਣੀ ਗੱਡੀ ਨੂੰ ਸਮੁੰਦਰੀ ਜਹਾਜ਼ ਜ਼ਰੀਏ ਇੰਗਲੈਂਡ ਭੇਜਿਆ। ਇੰਗਲੈਂਡ ਤੋਂ ਬੈਲਜ਼ੀਅਮ ਟ੍ਰੇਨ ਜ਼ਰੀਏ ਪਹੁੰਚੇ ਤੇ ਇਸ ਦੇ ਬਾਅਦ ਪੈਰਿਸ, ਜਰਮਨ, ਸਵਿਟਜ਼ਰਲੈਂਡ, ਆਸਟ੍ਰੀਆ, ਹੰਗਰੀ ਆਦਿ ਯੂਰਪ ਦੇ ਦੇਸ਼ਾਂ ਤੋਂ ਹੁੰਦੇ ਹੋਏ ਤੁਰਕੀ ਪਹੁੰਚੇ। ਇਸ ਦੇ ਬਾਅਦ ਉਹ ਈਰਾਨ ਤੋਂ ਹੁੰਦੇ ਹੋਏ ਪਾਕਿਸਤਾਨ ਗਏ।