ਗੋਪੇਸ਼ਵਰ : ਉੱਤਰਾਖੰਡ ’ਚ ਗੁਰਦੁਆਰਾ ਸ੍ਰੀ ਹੇਮਕੁੰਟ ਸਾਹਿਬ ਤੇ ਲੋਕਪਾਲ ਲਕਸ਼ਮਣ ਮੰਦਰ ਦੇ ਕਿਵਾੜ 11 ਅਕਤੂਬਰ ਨੂੰ ਸਰਦ ਰੁੱਤ ਲਈ ਬੰਦ ਕਰ ਦਿੱਤੇ ਜਾਣਗੇ। ਇਸ ਦੇ ਨਾਲ ਹੀ ਸਾਲ 2023 ਦੀ ਯਾਤਰਾ ਦੀ ਵਿਧੀਪੂਰਵਕ ਸਮਾਪਤੀ ਹੋ ਜਾਵੇਗੀ। ਇਸ ਯਾਤਰਾ ਕਾਲ ’ਚ ਹੁਣ ਤੱਕ ਇਕ ਲੱਖ 60 ਹਜ਼ਾਰ 800 ਤੀਰਥ ਯਾਤਰੀ ਹੇਮਕੁੰਟ ਸਾਹਿਬ ਨਤਮਸਤਕ ਹੋ ਚੁੱਕੇ ਹਨ। ਸਮੁੰਦਰ ਤਲ ਤੋਂ 15,225 ਫੁੱਟ ਦੀ ਉਚਾਈ ’ਤੇ ਸਥਿਤ ਗੁਰਦੁਆਰਾ ਸ੍ਰੀ ਹੇਮਕੁੰਟ ਸਾਹਿਬ ਤੇ ਲੋਕਪਾਲ ਲਕਸ਼ਮਣ ਮੰਦਰ ਦੇ ਕਿਵਾੜ 20 ਮਈ ਨੂੰ ਸ਼ਰਧਾਲੂਆਂ ਲਈ ਖੋਲ੍ਹੇ ਗਏ ਸਨ। ਸ਼ੁਰੂਆਤ ’ਚ ਮਾਰਗ ਤੇ ਮੌਸਮ ਦੇ ਮੱਦਨਜ਼ਰ 12 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਤੇ ਬਜ਼ੁਰਗਾਂ ਦੀ ਯਾਤਰਾ ’ਤੇ ਰੋਕ ਸੀ। ਇਸ ਦੇ ਬਾਵਜੂਦ ਯਾਤਰਾ ’ਤੇ ਕੋਈ ਅਸਰ ਨਹੀਂ ਪਿਆ। ਪਾਬੰਦੀ ਹਟਣ ਪਿੱਛੋਂ ਯਾਤਰਾ ਨੇ ਰਫ਼ਤਾਰ ਫੜ ਲਈ।