ਵਾਸ਼ਿੰਗਟਨ, (ਰਾਜ ਗੋਗਨਾ)- ਨਿੱਝਰ ਦੀ ਹੱਤਿਆ ਨੂੰ ਲੈ ਕੇ ਕੈਨੇਡਾ ਅਤੇ ਭਾਰਤ ਵਿਚਾਲੇ ਚੱਲ ਰਹੇ ਵਿਵਾਦ ਦਰਮਿਆਨ ਅਮਰੀਕਾ ਦੇ ਦੌਰੇ ‘ਤੇ ਗਏ ਭਾਰਤ ਦੇ ਵਿਦੇਸ਼ ਮੰਤਰੀ ਐੱਸ ਜੈਸ਼ੰਕਰ ਨੇ ਕੈਨੇਡਾ ਨੂੰ ਇਕ ਤੋਂ ਬਾਅਦ ਇਕ ਹਮਲੇ ਕਰਕੇ ਬੇਨਕਾਬ ਕਰ ਰਹੇ ਹਨ।ਸ਼ੁੱਕਰਵਾਰ ਨੂੰ ਵਾਸ਼ਿੰਗਟਨ ‘ਚ ਪ੍ਰੈੱਸ ਕਾਨਫਰੰਸ ‘ਚ ਉਨ੍ਹਾਂ ਕਿਹਾ, ‘ਮੈਂ ਸੁਣਿਆ ਹੈ ਕਿ ਭਾਰਤ-ਕੈਨੇਡਾ ਵਿਵਾਦ ‘ਤੇ ਅਮਰੀਕੀਆਂ ਦਾ ਕੀ ਕਹਿਣਾ ਹੈ ਪਰ ਮੈਨੂੰ ਉਮੀਦ ਹੈ ਕਿ ਉਨ੍ਹਾਂ ਨੇ ਵੀ ਮੇਰੀ ਗੱਲ ਸੁਣੀ ਹੋਵੇਗੀ। ਮੈਨੂੰ ਲੱਗਦਾ ਹੈ, ਹੁਣ ਜਦੋਂ ਦੋਵੇਂ ਧਿਰਾਂ ਨੇ ਆਪਣੇ ਵਿਚਾਰ ਪ੍ਰਗਟ ਕੀਤੇ ਹਨ, ਮੈਨੂੰ ਨਹੀਂ ਪਤਾ ਕਿ ਮੈਂ ਇਸ ਤੋਂ ਇਲਾਵਾ ਹੋਰ ਕੀ ਕਹਿਣਾ ਹੈ। ਉਨ੍ਹਾਂ ਕਿਹਾ ਕਿ ਹਰ ਘਟਨਾ ਦਾ ਇਕ ਪ੍ਰਸੰਗ ਹੁੰਦਾ ਹੈ। ਮੈਨੂੰ ਲੱਗਦਾ ਹੈ ਕਿ ਕੈਨੇਡਾ ਅਤੇ ਭਾਰਤ ਨੂੰ ਇੱਕ ਦੂਜੇ ਨਾਲ ਗੱਲ ਕਰਨੀ ਚਾਹੀਦੀ ਹੈ। ਇਸ ਲਈ ਪਤਾ ਲੱਗੇਗਾ ਕਿ ਇਹ ਮਾਮਲਾ ਕਿਵੇਂ ਅੱਗੇ ਵਧੇਗਾ। ਜੇਕਰ ਤੁਸੀਂ (ਅਮਰੀਕੀ) ਭਾਰਤ ਵਿੱਚ ਕਿਸੇ ਨੂੰ ਦੱਸਦੇ ਹੋ ਕਿ ਕੈਨੇਡਾ ਵਿੱਚ ਕੁਝ ਲੋਕ ਹਿੰਸਾ ਨੂੰ ਭੜਕਾਉਂਦੇ ਹਨ, ਤਾਂ ਭਾਰਤ ਵਿੱਚ ਕੋਈ ਵੀ ਹੈਰਾਨ ਨਹੀਂ ਹੋਵੇਗਾ। ਕਿਉਂਕਿ ਉੱਥੋਂ ਦਾ ਇਤਿਹਾਸ ਹਰ ਕੋਈ ਜਾਣਦਾ ਹੈ। ਮੈਂ ਸੋਚਦਾ ਹਾਂ ਕਿ ਅਮਰੀਕਾ ਵਿੱਚ ਬਹੁਤ ਘੱਟ ਲੋਕ ਇਸ ਬਾਰੇ ਜਾਣਦੇ ਹਨ ਅਤੇ ਮੈਂ ਅੱਜ ਦੀ ਮੀਟਿੰਗ ਵਿੱਚ ਜੋ ਗੱਲ ਕੀਤੀ, ਉਹ ਅਮਰੀਕਾ ਦੇ ਲੋਕਾਂ ਲਈ ਨਵਾਂ ਗਿਆਨ ਹੈ।ਉਨ੍ਹਾਂ ਕਿਹਾ ਕਿ ਅਮਰੀਕਾ ਅਤੇ ਭਾਰਤ ਦੋਵੇਂ ਕੈਨੇਡਾ ਨੂੰ ਵੱਖੋ-ਵੱਖਰੇ ਨਜ਼ਰੀਏ ਨਾਲ ਦੇਖਦੇ ਹਨ ਅਤੇ ਇਹ ਵੀ ਸਮੱਸਿਆ ਦਾ ਹਿੱਸਾ ਹੈ। ਇਸ ਲਈ ਇਹ ਬਹੁਤ ਜ਼ਰੂਰੀ ਹੈ ਕਿ ਅਮਰੀਕਾ ਸਾਡੇ ਨਾਲ ਕੈਨੇਡਾ ਬਾਰੇ ਗੱਲ ਕਰੇ। ਕਿਉਂਕਿ ਆਖਰਕਾਰ ਅਮਰੀਕਾ ਭਾਰਤ ਦਾ ਚੰਗਾ ਮਿੱਤਰ ਹੈ ਅਤੇ ਅਮਰੀਕਾ ਨੂੰ ਕੈਨੇਡਾ ਦੇ ਮੁੱਦੇ ‘ਤੇ ਭਾਰਤ ਦਾ ਨਜ਼ਰੀਆ ਜਾਣਨਾ ਚਾਹੀਦਾ ਹੈ।ਜੈਸ਼ੰਕਰ ਨੇ ਅੱਗੇ ਕਿਹਾ ਕਿ ਅਸੀਂ ਕੈਨੇਡਾ ਦੇ ਖਿਲਾਫ ਜੋ ਵੀ ਰਵੱਈਆ ਅਪਣਾਇਆ ਹੈ ਉਹ ਸਹੀ ਹੈ। ਕੈਨੇਡਾ ਵਿੱਚ ਸਾਡੇ ਡਿਪਲੋਮੈਟਾਂ ਨੂੰ ਇਸ ਹੱਦ ਤੱਕ ਧਮਕੀਆਂ ਦਿੱਤੀਆਂ ਜਾ ਰਹੀਆਂ ਹਨ ਕਿ ਉਨ੍ਹਾਂ ਨੂੰ ਆਪਣਾ ਰੋਜ਼ਾਨਾ ਕੰਮ ਚਲਾਉਣਾ ਔਖਾ ਹੋ ਰਿਹਾ ਹੈ। ਜੇਕਰ ਜੀ-7 ਸਮੂਹ ਦੇ ਕਿਸੇ ਮੈਂਬਰ ਦੇਸ਼ ਵਿੱਚ ਅਜਿਹੀ ਸਥਿਤੀ ਹੈ ਤਾਂ ਇਹ ਅਮਰੀਕਾ ਲਈ ਸੋਚਣ ਵਾਲੀ ਗੱਲ ਹੈ।