ਓਟਵਾ : ਪਿਛਲੇ ਮਹੀਨੇ ਕੈਨੇਡਾ ਦੀ ਮਹਿੰਗਾਈ ਦਰ ਵਿੱਚ ਚਾਰ ਫੀ ਸਦੀ ਵਾਧਾ ਦਰਜ ਕੀਤਾ ਗਿਆ। ਅਰਥਸ਼ਾਸਤਰੀਆਂ ਦਾ ਕਹਿਣਾ ਹੈ ਕਿ ਬੈਂਕ ਆਫ ਕੈਨੇਡਾ ਲਈ ਇਹ ਮਾੜੀ ਖਬਰ ਹੈ।
ਸਟੈਟੇਸਟਿਕਸ ਕੈਨੇਡਾ ਵੱਲੋਂ ਮੰਗਲਵਾਰ ਨੂੰ ਜਾਰੀ ਕੀਤੀ ਗਈ ਤਾਜ਼ਾ ਮਹਿੰਗਾਈ ਸਬੰਧੀ ਰੀਡਿੰਗ ਵਿੱਚ ਦਰਸਾਇਆ ਗਿਆ ਕਿ ਜੁਲਾਈ ਵਿੱਚ ਸਾਲਾਨਾ ਮਹਿੰਗਾਈ ਦਰ ਵਿੱਚ 3·3 ਫੀ ਸਦੀ ਦਾ ਵਾਧਾ ਹੋਇਆ ਹੈ ਤੇ ਇਸ ਨਾਲ ਇਹ ਲਗਾਤਾਰ ਦੂਜ਼ਾ ਮਹੀਨਾ ਹੈ ਜਦੋਂ ਮਹਿੰਗਾਈ ਦਰ ਵਧੀ ਹੈ। ਗੈਸੋਲੀਨ ਦੀਆਂ ਕੀਮਤਾਂ ਵਿੱਚ ਹੋਏ ਵਾਧੇ ਕਾਰਨ ਮਾਹਿਰਾਂ ਵੱਲੋਂ ਪਿਛਲੇ ਮਹੀਨੇ ਮਹਿੰਗਾਈ ਵਿੱਚ ਹੋਰ ਵਾਧਾ ਹੋਣ ਦੀ ਪੇਸ਼ੀਨਿਗੋਈ ਕੀਤੀ ਗਈ ਸੀ। ਪਰ ਮੰਗਲਵਾਰ ਨੂੰ ਜਾਰੀ ਕੀਤੀ ਗਈ ਰਿਪੋਰਟ ਕਈਆਂ ਦੀ ਆਸ ਨਾਲੋਂ ਬਦਤਰ ਸੀ।
ਮਾਹਿਰਾਂ ਦਾ ਇਹ ਵੀ ਆਖਣਾ ਹੈ ਕਿ ਇਸ ਨਾਲ ਬੈਂਕ ਆਫ ਕੈਨੇਡਾ ਉੱਤੇ ਹੋਰ ਭਾਰ ਪੈ ਗਿਆ ਹੈ। ਬੈਂਕ ਨੂੰ ਵਿਆਜ਼ ਦਰਾਂ ਬਾਰੇ ਫੈਸਲਾ ਲੈਣਾ ਔਖਾ ਹੋਵੇਗਾ ਤੇ ਇਸ ਲਈ ਬੈਂਕ ਨੂੰ ਨੁਕਤਾਚੀਨੀ ਦਾ ਸਾਹਮਣਾ ਵੀ ਕਰਨਾ ਪੈ ਸਕਦਾ ਹੈ। ਬੈਂਕ ਵੱਲੋਂ 25 ਅਕਤੂਬਰ ਨੂੰ ਵਿਆਜ਼ ਦਰਾਂ ਬਾਰੇ ਫੈਸਲਾ ਲਿਆ ਜਾਵੇਗਾ ਤੇ ਇਹ ਕਾਫੀ ਔਖਾ ਫੈਸਲਾ ਹੋਵੇਗਾ।