ਸੀਨੀਅਰ ਕਾਂਗਰਸੀ ਆਗੂ ਸੱਜਣ ਕੁਮਾਰ ਨੂੰ 1984 ਦੇ ਸਿੱਖ ਵਿਰੋਧੀ ਦੰਗਿਆਂ ਨਾਲ ਸਬੰਧਤ ਇੱਕ ਮਾਮਲੇ ਵਿੱਚ ਵੱਡੀ ਰਾਹਤ ਮਿਲੀ ਹੈ। ਦਿੱਲੀ ਦੇ ਰਾਊਜ ਐਵੇਨਿਊ ਨੇ ਤਿੰਨ ਸਿੱਖਾਂ ਦੇ ਕਤਲ ਦੇ ਮਾਮਲੇ ‘ਚ ਉਸ ਨੂੰ ਬਰੀ ਕਰ ਦਿੱਤਾ ਹੈ। ਤਿੰਨਾਂ ਦਾ ਕਤਲ ਸੁਲਤਾਨਪੁਰੀ ਇਲਾਕੇ ਵਿੱਚ ਹੋਇਆ ਸੀ। ਪੁਲਿਸ ਨੇ ਸੱਜਣ ਕੁਮਾਰ ਦੇ ਨਾਲ-ਨਾਲ ਕੁਝ ਹੋਰ ਲੋਕਾਂ ਨੂੰ ਵੀ ਦੋਸ਼ੀ ਬਣਾਇਆ ਸੀ, ਪਰ ਲੰਮੀ ਸੁਣਵਾਈ ਤੋਂ ਬਾਅਦ ਅਦਾਲਤ ਨੇ ਸਬੂਤਾਂ ਅਤੇ ਗਵਾਹਾਂ ਨੂੰ ਵਿਚਾਰਨ ਤੋਂ ਬਾਅਦ ਮੰਨਿਆ ਕਿ ਸੱਜਣ ਕੁਮਾਰ ਇਸ ਮਾਮਲੇ ਵਿੱਚ ਬੇਕਸੂਰ ਹੈ।
ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਨੇ ਇਸ ਨੂੰ ਬਹੁਤ ਦਰਦਨਾਕ ਅਤੇ ਹੈਰਾਨ ਕਰਨ ਵਾਲਾ ਦੱਸਿਆ। ਉਨ੍ਹਾਂ ਕਿਹਾ ਕਿ ਲਗਭਗ 40 ਸਾਲਾਂ ਬਾਅਦ ਇਹ ਦੁਬਾਰਾ ਨਸਲਕੁਸ਼ੀ ਵਰਗਾ ਮਹਿਸੂਸ ਹੋ ਰਿਹਾ ਹੈ। ਘੱਟ ਗਿਣਤੀਆਂ ਅਤੇ ਧਰਮ ਨਿਰਪੱਖਤਾ ਲਈ ਇੱਕ ਕਾਲਾ ਦਿਨ ਅਤੇ ਦੇਸ਼ ਵਿੱਚ ਨਿਆਂ, ਮਨੁੱਖੀ ਅਧਿਕਾਰਾਂ, ਕਾਨੂੰਨ ਦੇ ਰਾਜ ‘ਤੇ ਇੱਕ ਧੱਬਾ ਹੈ।