ਨਵੀਂ ਦਿੱਲੀ : ਕੇਂਦਰੀ ਟਰਾਂਸਪੋਰਟ ਅਤੇ ਰਾਸ਼ਟਰੀ ਰਾਜਮਾਰਗ ਮੰਤਰੀ ਨਿਤਿਨ ਗਡਕਰੀ ਨੇ ਦਾਅਵਾ ਕੀਤਾ ਕਿ ਇਕ ਸੀਨੀਅਰ ਨੇਤਾ ਨੇ 2024 ਦੀਆਂ ਲੋਕ ਸਭਾ ਚੋਣਾਂ ਤੋਂ ਪਹਿਲਾਂ ਉਨ੍ਹਾਂ ਨੂੰ ਪ੍ਰਧਾਨ ਮੰਤਰੀ ਅਹੁਦੇ ਦੀ ਪੇਸ਼ਕਸ਼ ਕੀਤੀ ਸੀ, ਪਰ ਉਨ੍ਹਾਂ ਨੇ ਇਸ ਨੂੰ ਠੁਕਰਾ ਦਿੱਤਾ। ਪੱਤਰਕਾਰੀ ਪੁਰਸਕਾਰ ਸਮਾਰੋਹ ਦੌਰਾਨ ਮੀਡੀਆ ਭਾਈਚਾਰੇ ਨੂੰ ਸੰਬੋਧਨ ਕਰਦਿਆਂ ਨਿਤਿਨ ਗਡਕਰੀ ਨੇ ਕਿਹਾ, “ਮੈਂ ਵਿਰੋਧੀ ਧਿਰ ਦੇ ਨੇਤਾ ਨੂੰ ਕਿਹਾ ਕਿ ਮੈਂ ਇੱਕ ਵਿਚਾਰਧਾਰਾ ਅਤੇ ਵਿਸ਼ਵਾਸ ਦਾ ਪਾਲਣ ਕਰਨ ਵਾਲਾ ਵਿਅਕਤੀ ਹਾਂ। ਮੈਂ ਅਜਿਹੀ ਪਾਰਟੀ ਵਿੱਚ ਹਾਂ, ਜਿਸ ਨੇ ਮੈਨੂੰ ਉਹ ਸਭ ਕੁਝ ਦਿੱਤਾ ਹੈ, ਜਿਸਦੀ ਮੈਂ ਕਦੇ ਕਲਪਨਾ ਵੀ ਨਹੀਂ ਕੀਤੀ ਸੀ। ਕੋਈ ਵੀ ਪ੍ਰਸਤਾਵ ਨਾਲ ਮੈਨੂੰ ਲੁਭਾਇਆ ਨਹੀਂ ਜਾ ਸਕਦਾ।”