ਵਾਸ਼ਿੰਗਟਨ- ਅਮਰੀਕਾ ਵਿੱਚ ਨਵੰਬਰ ’ਚ ਹੋਣ ਵਾਲੀ ਰਾਸ਼ਟਰਪਤੀ ਦੇ ਅਹੁਦੇ ਲਈ ਚੋਣ ਤੋਂ ਪਹਿਲਾਂ ਡੈਮੋਕਰੈਟਿਕ ਪਾਰਟੀ ਵੱਲੋਂ ਰਾਸ਼ਟਰਪਤੀ ਦੇ ਅਹੁਦੇ ਲਈ ਉਮੀਦਵਾਰ ਕਮਲਾ ਹੈਰਿਸ ਅਤੇ ਰਿਪਬਲਿਕਨ ਪਾਰਟੀ ਦੇ ਰਾਸ਼ਟਰਪਤੀ ਅਹੁਦੇ ਲਈ ਉਮੀਦਵਾਰ ਡੋਨਾਲਡ ਟਰੰਪ ਪਹਿਲੀ ਵਾਰ ਆਹਮੋ-ਸਾਹਮਣੇ ਹੋਏ ਅਤੇ ਉਨ੍ਹਾਂ ਅਮਰੀਕੀ ਵਿਦੇਸ਼ ਨੀਤੀ, ਅਰਥਚਾਰੇ, ਸਰਹੱਦੀ ਸੁਰੱਖਿਆ ਤੇ ਗਰਭਪਾਤ ਜਿਹੇ ਮੁੱਦਿਆਂ ’ਤੇ ਆਪਣੀਆਂ ਦਲੀਲਾਂ ਪੇਸ਼ ਕੀਤੀਆਂ। ਇਸ ਦੌਰਾਨ ਹੈਰਿਸ ਟਰੰਪ ’ਤੇ ਭਾਰੂ ਰਹੀ ਤੇ ਉਸ ਨੇ ਕਈ ਮਾਮਲਿਆਂ ’ਤੇ ਟਰੰਪ ਨੂੰ ਘੇਰ ਲਿਆ। ਦੋਵਾਂ ਆਗੂਆਂ ਵਿਚਾਲੇ ਇਹ ਬਹਿਸ ਵ੍ਹਾਈਟ ਹਾਊਸ (ਅਮਰੀਕੀ ਰਾਸ਼ਟਰਪਤੀ ਦੀ ਅਧਿਕਾਰਤ ਰਿਹਾਇਸ਼ ਤੇ ਦਫ਼ਤਰ) ਲਈ ਉਨ੍ਹਾਂ ਦੀ ਦਾਅਵੇਦਾਰੀ ਦੇ ਲਿਹਾਜ਼ ਨਾਲ ਅਹਿਮ ਸਾਬਤ ਹੋ ਸਕਦੀ ਹੈ।
ਬਹਿਸ ਦੀ ਸ਼ੁਰੂਆਤ ਦੋਵਾਂ ਆਗੂਆਂ ਨੇ ਹੱਥ ਮਿਲਾ ਕੇ ਕੀਤੀ ਪਰ ਬਾਅਦ ਵਿੱਚ ਇਹ ਤਿੱਖੇ ਹਮਲਾਵਰ ਰੁਖ਼ ’ਚ ਤਬਦੀਲ ਹੋ ਗਈ। ਪੈਨਸਿਲਵੇਨੀਆ ’ਚ 90 ਮਿੰਟ ਚੱਲੀ ਇਸ ਬਹਿਸ ਦੌਰਾਨ ਟਰੰਪ ਤੇ ਹੈਰਿਸ ਨੇ ਅਗਲੇ ਚਾਰ ਸਾਲ ਲਈ ਆਪੋ-ਆਪਣਾ ਨਜ਼ਰੀਆ ਪੇਸ਼ ਕੀਤਾ, ਜਿਸ ਨੂੰ ਉਹ ਰਾਸ਼ਟਰਪਤੀ ਬਣਨ ’ਤੇ ਲਾਗੂ ਕਰਨਾ ਚਾਹੁੰਦੇ ਹਨ। ਉਪ ਰਾਸ਼ਟਰਪਤੀ ਹੈਰਿਸ (59) ਨੇ ਆਪਣੀ ਗੱਲ ਸਮੇਟਦਿਆਂ ਅੰਤ ’ਚ ਟਿੱਪਣੀ ਕੀਤੀ, ‘ਮੈਨੂੰ ਲਗਦਾ ਹੈ ਕਿ ਤੁਸੀਂ ਅੱਜ ਰਾਤ ਦੇਸ਼ ਲਈ ਦੋ ਬਿਲਕੁਲ ਵੱਖ-ਵੱਖ ਨਜ਼ਰੀਏ ਸੁਣੇ। ਇੱਕ ਜੋ ਭਵਿੱਖ ਵੱਲ ਕੇਂਦਰਿਤ ਹੈ ਅਤੇ ਦੂਜਾ ਜੋ ਅਤੀਤ ਵੱਲ ਕੇਂਦਰਿਤ ਹੈ ਤੇ ਸਾਨੂੰ ਪਿੱਛੇ ਲਿਜਾਣ ਵਾਲਾ ਹੈ ਪਰ ਅਸੀਂ ਪਿੱਛੇ ਨਹੀਂ ਜਾ ਰਹੇ ਹਾਂ।’ ਦੂਜੇ ਪਾਸੇ ਟਰੰਪ ਨੇ ਬਹਿਸ ਦੀ ਸਮਾਪਤੀ ’ਤੇ ਕਿਹਾ, ‘ਉਨ੍ਹਾਂ (ਹੈਰਿਸ) ਇਸ ਗੱਲ ਤੋਂ ਸ਼ੁਰੂਆਤ ਕੀਤੀ ਕਿ ਉਹ ਇਹ ਕਰੇਗੀ ਤੇ ਉਹ ਕਰੇਗੀ। ਉਹ ਇਹ ਸਾਰੀਆਂ ਬਿਹਤਰੀਨ ਚੀਜ਼ਾਂ ਕਰਨ ਵਾਲੀ ਹੈ ਪਰ ਹੁਣ ਤੱਕ ਉਨ੍ਹਾਂ ਅਜਿਹਾ ਕਿਉਂ ਨਹੀਂ ਕੀਤਾ? ਇਹ ਸਭ ਕਰਨ ਲਈ ਉਨ੍ਹਾਂ ਕੋਲ ਸਾਢੇ ਤਿੰਨ ਸਾਲ ਦਾ ਸਮਾਂ ਸੀ। ਸਰਹੱਦੀ ਵਿਵਾਦ ਸੁਲਝਾਉਣ ਲਈ ਉਨ੍ਹਾਂ ਕੋਲ ਸਾਢੇ ਤਿੰਨ ਸਾਲ ਸਨ। ਰੁਜ਼ਗਾਰ ਪੈਦਾ ਕਰਨ ਲਈ ਤੇ ਜਿਹੜੀਆਂ ਵੀ ਚੀਜ਼ਾਂ ਬਾਰੇ ਅਸੀਂ ਗੱਲ ਕੀਤੀ, ਇਸ ਲਈ ਉਨ੍ਹਾਂ ਕੋਲ ਸਾਢੇ ਤਿੰਨ ਸਾਲ ਸਨ। ਉਨ੍ਹਾਂ ਉਦੋਂ ਅਜਿਹਾ ਕਿਉਂ ਨਹੀਂ ਕੀਤਾ?’ ਇਸੇ ਦੌਰਾਨ ਟਰੰਪ ਨੇ ਹੈਰਿਸ ’ਤੇ ਇਜ਼ਰਾਈਲ ਨੂੰ ਨਫਰਤ ਕਰਨ ਦਾ ਦੋਸ਼ ਲਾਇਆ ਤੇ ਕਿਹਾ ਕਿ ਜੇ ਉਹ ਰਾਸ਼ਟਰਪਤੀ ਬਣੀ ਤਾਂ ਦੋ ਸਾਲਾਂ ਅੰਦਰ ਯਹੂਦੀ ਮੁਲਕ ਦੀ ਹੋਂਦ ਖਤਮ ਹੋ ਜਾਵੇਗੀ।