ਡੇਰਾ ਰਾਧਾ ਸੁਆਮੀ ਦੇ ਮੁਖੀ ਨੂੰ ਲੈ ਕੇ ਵੱਡੀ ਅਪਡੇਟ ਸਾਹਮਣੇ ਆਈ ਹੈ। ਕੱਲ੍ਹ ਦੁਪਹਿਰ ਵੇਲੇ ਖਬਰ ਆਈ ਕਿ ਰਾਧਾ ਸੁਆਮੀ ਡੇਰਾ ਬਿਆਸ ਦੇ ਬਾਬਾ ਗੁਰਿੰਦਰ ਸਿੰਘ ਢਿੱਲੋਂ ਨੇ 2 ਸਤੰਬਰ 2024 ਤੋਂ ਤੁਰੰਤ ਪ੍ਰਭਾਵ ਨਾਲ ਜਸਦੀਪ ਸਿੰਘ ਗਿੱਲ ਨੂੰ ਰਾਧਾ ਸੁਆਮੀ ਸਤਿਸੰਗ ਬਿਆਸ ਦੇ ਮੁਖੀ ਵਜੋਂ ਨਾਮਜ਼ਦ ਕੀਤਾ ਹੈ, ਪਰ ਬਾਅਦ ‘ਚ ਦੇਰ ਰਾਤ ਡੇਰਾ ਬਿਆਸ ਨੇ ਸਪੱਸ਼ਟੀਕਰਨ ਜਾਰੀ ਕੀਤਾ ਕਿ ਫਿਲਹਾਲ ਬਾਬਾ ਗੁਰਿੰਦਰ ਸਿੰਘ ਢਿੱਲੋਂ ਹੀ ਡੇਰਾ ਬਿਆਸ ਦੇ ਮੁਖੀ ਰਹਿਣਗੇ। ਹਾਲੇ ਜਸਦੀਪ ਸਿੰਘ ਗਿੱਲ ਨੂੰ ਗੱਦੀ ਨਹੀਂ ਸੌਂਪੀ ਗਈ ਹੈ ਤੇ ਕੋਈ ਵੀ ਦਸਤਾਰਬੰਦੀ ਦਾ ਪ੍ਰੋਗਰਾਮ ਨਹੀਂ ਹੈ। ਹਾਲੇ ਦੋਵੇਂ ਮਿਲ ਕੇ ਸਤਿਸੰਗ ਕਰਿਆ ਕਰਨਗੇ।
ਇਸ ਤੋਂ ਪਹਿਲਾਂ ਡੇਰਾ ਬਿਆਸ ਨੇ ਬਿਆਨ ਜਾਰੀ ਕੀਤਾ ਸੀ ਕਿ ਜਸਦੀਪ ਸਿੰਘ ਗਿੱਲ ਨੂੰ ਰਾਧਾ ਸੁਆਮੀ ਸਤਿਸੰਗ ਬਿਆਸ ਦਾ ਅਧਿਆਤਮਕ ਮੁਖੀ ਨਾਮਜ਼ਦ ਕੀਤਾ ਗਿਆ ਹੈ। ਇਹ ਐਲਾਨ ਮੌਜੂਦਾ ਡੇਰਾ ਮੁਖੀ ਬਾਬਾ ਗੁਰਿੰਦਰ ਸਿੰਘ ਢਿੱਲੋਂ ਵਲੋਂ ਕੀਤਾ ਗਿਆ। ਡੇਰੇ ਦੇ ਇਕ ਉੱਚ ਅਧਿਕਾਰੀ ਨੇ ਇਸ ਮਹੱਤਵਪੂਰਨ ਘਟਨਾਕ੍ਰਮ ਦੀ ਪੁਸ਼ਟੀ ਕਰਦਿਆਂ ਦੱਸਿਆ ਕਿ ਬਾਬਾ ਜੀ, ਜੋ ਕੁਝ ਸਮੇਂ ਲਈ ਸ਼ਹਿਰ ਤੋਂ ਬਾਹਰ ਸਨ, ਕੱਲ੍ਹ ਡੇਰਾ ਬਿਆਸ ਪਰਤ ਆਏ ਸਨ। ਅੱਜ ਸਵੇਰੇ ਉਨ੍ਹਾਂ (ਡੇਰਾ ਮੁਖੀ) ਨੇ ਡੇਰਾ ਸਕੱਤਰ ਤੇ ਹੋਰ ਜ਼ੋਨਾਂ ਦੇ ਮੁਖੀਆਂ ਸਮੇਤ ਸਾਰੇ ਸੀਨੀਅਰ ਅਧਿਕਾਰੀਆਂ ਦੀ ਮੀਟਿੰਗ ਬੁਲਾਈ, ਜਿਸ ‘ਚ ਉਨ੍ਹਾਂ ਦੇ ਅਗਲੇ ਉੱਤਰਾਧਿਕਾਰੀ ਦੇ ਨਾਂਅ ਦਾ ਐਲਾਨ ਕੀਤਾ ਗਿਆ।
ਡੇਰੇ ਵੱਲੋਂ ਸਪਸ਼ਟੀਕਰਨ ਜਾਰੀ ਕਰ ਕਿਹਾ ਗਿਆ ਕਿ- “ਬਾਬਾ ਗੁਰਿੰਦਰ ਸਿੰਘ ਜੀ ਢਿੱਲੋਂ ਰਾਧਾ ਸੁਆਮੀ ਸਤਿਸੰਗ ਬਿਆਸ (RSSB) ਦੇ ਮੌਜੂਦਾ ਸੰਤ ਸਤਿਗੁਰੂ ਹਨ। ਬਾਬਾ ਜੀ ਦੀ ਸਿਹਤ ਠੀਕ ਹੈ ਅਤੇ ਉਹ ਸਤਿਸੰਗ ਅਤੇ ਨਾਮ ਦਾਨ ਦਿੰਦੇ ਰਹਿਣਗੇ। ਜਸਦੀਪ ਸਿੰਘ ਗਿੱਲ ਨੂੰ 02 ਸਤੰਬਰ, 2024 ਤੋਂ ਸਾਰੀਆਂ RSSB ਸੁਸਾਇਟੀਆਂ ਦੇ ਸਰਪ੍ਰਸਤ ਨਿਯੁਕਤ ਕੀਤਾ ਗਿਆ ਹੈ। ਉਹ ਅੱਗੇ ਤੋਂ ਸਰਪ੍ਰਸਤ ਦੇ ਸਾਰੇ ਕਾਰਜ ਕਰਨਗੇ। ਇਹ ਉੱਤਰਾਧਿਕਾਰੀ ਯੋਜਨਾ ਦੇ ਹਿੱਸੇ ਵਜੋਂ ਕੀਤਾ ਗਿਆ ਹੈ। ਜਸਦੀਪ ਸਿੰਘ ਗਿੱਲ ਭਵਿੱਖ ਵਿੱਚ RSSB ਦੇ ਸੰਤ ਸਤਿਗੁਰੂ ਹੋਣਗੇ ਅਤੇ ਉਸ ਤੋਂ ਬਾਅਦ ਆਪ ਜੀ ਨੂੰ ਨਾਮ ਦਾਨ ਦੇਣ ਦਾ ਅਧਿਕਾਰ ਹੋਵੇਗਾ। ਤਦ ਤੱਕ ਆਪ ਜੀ ਬਾਬਾ ਗੁਰਿੰਦਰ ਸਿੰਘ ਜੀ ਢਿਲੋਂ ਦੇ ਨਾਲ ਨਿਰਧਾਰਿਤ ਅਤੇ ਹੋਰ ਸਤਿਸੰਗਾਂ ਵਿੱਚ ਹਾਜ਼ਰੀ ਭਰਦੇ ਰਹਿਣਗੇ।”