ਨਵੀਂ ਦਿੱਲੀ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸ਼ਨਿਚਰਵਾਰ ਨੂੰ ਥਰਮਨ ਸ਼ਨਮੁਗਰਤਨਮ ਨੂੰ ਸਿੰਗਾਪੁਰ ਦਾ ਰਾਸ਼ਟਰਪਤੀ ਚੁਣੇ ਜਾਣ ‘ਤੇ ਵਧਾਈ ਦਿਤੀ। ਉਨ੍ਹਾਂ ਨੇ ਸੋਸ਼ਲ ਮੀਡੀਆ ਪਲੇਟਫਾਰਮ ‘ਐਕਸ’ ‘ਤੇ ਲਿਖਿਆ, “ਮੈਂ ਭਾਰਤ-ਸਿੰਗਾਪੁਰ ਰਣਨੀਤਕ ਸਾਂਝੇਦਾਰੀ ਨੂੰ ਹੋਰ ਮਜ਼ਬੂਤ ਕਰਨ ਲਈ ਤੁਹਾਡੇ ਨਾਲ ਮਿਲ ਕੇ ਕੰਮ ਕਰਨ ਦੀ ਉਮੀਦ ਕਰਦਾ ਹਾਂ।”
ਥਰਮਨ ਨੇ ਸ਼ੁਕਰਵਾਰ ਦੀ ਰਾਸ਼ਟਰਪਤੀ ਚੋਣ ਵੱਡੇ ਫਰਕ ਨਾਲ ਜਿੱਤੀ। ਭਾਰਤੀ ਮੂਲ ਦੇ ਸਿੰਗਾਪੁਰੀ ਅਰਥ ਸ਼ਾਸਤਰੀ ਥਰਮਨ (66) ਦੇਸ਼ ਦੇ ਨੌਵੇਂ ਰਾਸ਼ਟਰਪਤੀ ਹੋਣਗੇ। ਚੋਣ ਵਿਚ ਉਨ੍ਹਾਂ ਦੇ ਹੱਕ ਵਿਚ 70.4 ਫ਼ੀ ਸਦੀ ਵੋਟਾਂ ਪਈਆਂ। ਉਨ੍ਹਾਂ ਦੇ ਵਿਰੋਧੀ ਸਿੰਗਾਪੁਰ ਸਰਕਾਰੀ ਨਿਵੇਸ਼ ਕਾਰਪੋਰੇਸ਼ਨ ਦੇ ਸਾਬਕਾ ਮੁੱਖ ਨਿਵੇਸ਼ ਅਧਿਕਾਰੀ ਐਨਜੀ ਕੋਕ ਸੌਂਗ ਨੂੰ 15.72 ਫ਼ੀ ਸਦੀ ਅਤੇ ਸਰਕਾਰੀ ਮਾਲਕੀ ਵਾਲੇ ਬੀਮਾ ਸਮੂਹ NTUC ਇਨਕਮ ਦੇ ਸਾਬਕਾ ਮੁਖੀ ਟੈਨ ਕਿਨ ਲਿਆਨ ਨੂੰ 13.88 ਫ਼ੀ ਸਦੀ ਵੋਟਾਂ ਮਿਲੀਆਂ।