ਹੈਦਰਾਬਾਦ- ਕਾਂਗਰਸ ਜਨਰਲ ਸਕੱਤਰ ਪ੍ਰਿਅੰਕਾ ਗਾਂਧੀ ਵਾਡਰਾ ਦੇ ਪਤੀ ਰਾਬਰਟ ਵਾਡਰਾ ਨੇ ਕਿਸਾਨ ਵਿਰੋਧੀ ਟਿੱਪਣੀ ਲਈ ਭਾਜਪਾ ਸੰਸਦ ਮੈਂਬਰ ਕੰਗਣਾ ਦੀ ਨਿੰਦਾ ਕੀਤੀ ਹੈ। ਪੱਤਰਕਾਰਾਂ ਨੂੰ ਸੰਬੋਧਨ ਕਰਦਿਆਂ ਵਾਡਰਾ ਨੇ ਕਿਹਾ ਕਿ ਉਹ(ਕੰਗਨਾ) ਇੱਕ ਔਰਤ ਹੈ, ਮੈਂ ਉਸ ਦਾ ਸਨਮਾਨ ਕਰਦਾ ਹਾਂ, ਪਰ ਮੈਨੂੰ ਲੱਗਦਾ ਹੈ ਕਿ ਉਹ ਸੰਸਦ ਵਿੱਚ ਰਹਿਣ ਦੇ ਲਾਇਕ ਨਹੀਂ ਹੈ। ਊਨ੍ਹਾਂ ਅੱਗੇ ਕਿਹਾ ਕਿ ਉਹ ਪੜ੍ਹੀ-ਲਿਖੀ ਨਹੀਂ ਹੈ ਅਤੇ ਮੈਨੂੰ ਲੱਗਦਾ ਹੈ ਕਿ ਉਹ ਸਿਰਫ਼ ਆਪਣੇ ਬਾਰੇ ਸੋਚਦੀ ਹੈ ਪਰ ਉਸਨੂੰ ਹੋਰ ਮਹਿਲਾਵਾਂ ਬਾਰੇ ਵੀ ਸੋਚਣਾ ਚਾਹੀਦਾ ਹੈ।
ਵਾਡਰਾ ਨੇ ਕਿਹਾ ਕਿ ਔਰਤਾਂ ਦੀ ਸੁਰੱਖਿਆ ਸਭ ਤੋਂ ਮਹੱਤਵਪੂਰਨ ਮੁੱਦਾ ਹੈ, ਜਿਸਨੂੰ ਹੱਲ ਕਰਨ ਲਈ ਸਾਰੀਆਂ ਸਿਆਸੀ ਪਾਰਟੀਆਂ ਨੂੰ ਇਕੱਠੇ ਹੋਣਾ ਚਾਹੀਦਾ ਹੈ। ਜ਼ਿਕਰਯੋਗ ਹੈ ਕਿ ਹਿਮਾਚਲ ਪ੍ਰਦੇਸ਼ ਦੇ ਮੰਡੀ ਤੋਂ ਸੰਸਦ ਮੈਂਬਰ ਰਣੌਤ ਨੇ ਸੋਮਵਾਰ ਨੂੰ ‘ਐਕਸ’ ’ਤੇ ਇਕ ਅਖ਼ਬਾਰ ਨਾਲ ਆਪਣੀ ਇੰਟਰਵਿਊ ਦੀ ਇੱਕ ਕਲਿੱਪ ਸਾਂਝੀ ਕੀਤੀ, ਜਿਸ ਵਿੱਚ ਉਸਨੇ ਕਿਹਾ ਕਿ ਕਿਸਾਨ ਅੰਦੋਲਨ ਦੌਰਾਨ ਭਾਰਤ ਵਿੱਚ “ਬੰਗਲਾਦੇਸ਼ ਵਰਗੀ ਸਥਿਤੀ” ਪੈਦਾ ਹੋ ਸਕਦੀ ਸੀ, ਫਿਰ ਕੰਗਨਾ ਨੇ ਦੋਸ਼ ਲਾਇਆ ਕਿ ਕਿਸਾਨ ਅੰਦੋਲਨ ਦੌਰਾਨ “ਲਾਸ਼ਾਂ ਲਟਕ ਰਹੀਆਂ ਸਨ ਅਤੇ ਬਲਾਤਕਾਰ ਹੋ ਰਹੇ ਸਨ”। ਰਣੌਤ ਨੇ ਵਿਰੋਧੀ ਪਾਰਟੀਆਂ ਦੀ ਆਲੋਚਨਾ ਕਰਦੇ ਹੋਏ ਸਾਜ਼ਿਸ਼ ਵਿੱਚ ਚੀਨ ਅਤੇ ਅਮਰੀਕਾ ਦੀ ਸ਼ਮੂਲੀਅਤ ਦਾ ਵੀ ਦੋਸ਼ ਲਗਾਇਆ।