ਜੈਕਸਨਵਿਲੇ (ਅਮਰੀਕਾ): ਅਮਰੀਕਾ ਦੇ ਫਲੋਰੀਡਾ ਸੂਬੇ ਦੇ ਜੈਕਸਨਵਿਲੇ ਸਟੋਰ ’ਚ ਇਕ ਗੋਰੇ ਨੇ ਸ਼ਨਿਚਰਵਾਰ ਨੂੰ ਤਿੰਨ ਕਾਲੇ ਲੋਕਾਂ ਨੂੰ ਗੋਲੀ ਮਾਰ ਕੇ ਕਤਲ ਕਰਨ ਤੋਂ ਬਾਅਦ ਖੁਦਕੁਸ਼ੀ ਕਰ ਲਈ। ਸਥਾਨਕ ਸ਼ੈਰਿਫ ਨੇ ਹਮਲੇ ਨੂੰ ‘ਨਸਲਵਾਦੀ ਤੌਰ ’ਤੇ ਪ੍ਰੇਰਿਤ’ ਦਸਿਆ ਹੈ। ਸ਼ੈਰਿਫ ਟੀ ਕੇ ਵਾਟਰਸ ਨੇ ਇਕ ਪ੍ਰੈਸ ਕਾਨਫਰੰਸ ’ਚ ਕਿਹਾ, ‘‘ਉਹ (ਹਮਲਾਵਰ) ਕਾਲੇ ਲੋਕਾਂ ਨੂੰ ਨਫ਼ਰਤ ਕਰਦਾ ਸੀ। ਇਸ ਗੱਲ ਦਾ ਕੋਈ ਸਬੂਤ ਨਹੀਂ ਹੈ ਕਿ ਹਮਲਾਵਰ ਕਿਸੇ ਵੱਡੇ ਸਮੂਹ ਦਾ ਹਿੱਸਾ ਸੀ।’’ ਵਾਟਰਸ ਨੇ ਕਿਹਾ ਕਿ ਹਮਲਾਵਰ ਨੇ ਡਾਲਰ ਜਨਰਲ ਸਟੋਰ ’ਤੇ ਹਮਲਾ ਕਰਨ ਲਈ ਪਿਸਤੌਲ ਅਤੇ ਇਕ ਏ.ਆਰ.-15 ਸੈਮੀਆਟੋਮੈਟਿਕ ਰਾਈਫਲ ਦੀ ਵਰਤੋਂ ਕੀਤੀ। ਗੋਲੀਬਾਰੀ ਦੁਪਹਿਰ 2 ਵਜੇ ਤੋਂ ਠੀਕ ਪਹਿਲਾਂ ਐਡਵਰਡ ਵਾਟਰਸ ਯੂਨੀਵਰਸਿਟੀ ਨੇੜੇ ਡਾਲਰ ਜਨਰਲ ’ਚ ਹੋਈ। ਐਡਵਰਡ ਵਾਟਰਸ ਯੂਨੀਵਰਸਿਟੀ ਇਤਿਹਾਸਕ ਤੌਰ ’ਤੇ ਇਕ ਛੋਟੀ ਜਿਹੀ ਕਾਲੇ ਲੋਕਾਂ ਦੀ ਯੂਨੀਵਰਸਿਟੀ ਹੈ। ਹਮਲਾਵਰ ਨੇ ਇਕ ਚਿੱਠੀ ਛੱਡੀ ਜਿਸ ਦੇ ਆਧਾਰ ’ਤੇ ਜਾਂਚਕਰਤਾਵਾਂ ਨੂੰ ਯਕੀਨ ਹੋ ਗਿਆ ਕਿ ਉਸ ਨੇ ਜੈਕਸਨਵਿਲੇ ’ਚ ਇਕ ਵੀਡੀਉ ਗੇਮ ਮੁਕਾਬਲੇ ਦੌਰਾਨ ਇਕ ਹੋਰ ਬੰਦੂਕਧਾਰੀ ਦੇ ਹਮਲੇ ਦੀ ਪੰਜਵੀਂ ਵਰ੍ਹੇਗੰਢ ’ਤੇ ਗੋਲੀਬਾਰੀ ਕੀਤੀ ਸੀ। ਉਸ ਹਮਲੇ ਵਿਚ ਵੀ ਬੰਦੂਕਧਾਰੀ ਨੇ ਦੋ ਲੋਕਾਂ ਨੂੰ ਮਾਰਨ ਤੋਂ ਬਾਅਦ ਖੁਦ ਨੂੰ ਗੋਲੀ ਮਾਰ ਲਈ ਸੀ। ਸ਼ੈਰਿਫ ਵਾਟਰਸ ਨੇ ਕਿਹਾ ਕਿ ਹਮਲਾਵਰ ਗੁਆਂਢੀ ਕਲੇ ਕਾਉਂਟੀ ਤੋਂ ਆਇਆ ਸੀ ਅਤੇ ਉਸ ਨੇ ਹਮਲੇ ਤੋਂ ਕੁਝ ਸਮਾਂ ਪਹਿਲਾਂ ਅਪਣੇ ਪਿਤਾ ਨੂੰ ਸੰਦੇਸ਼ ਭੇਜਿਆ ਸੀ ਕਿ ਅਪਣਾ ਕੰਪਿਊਟਰ ਵੇਖੋ। ਹਮਲਾਵਰ ਦੇ ਪਿਤਾ ਨੂੰ ਕੰਪਿਊਟਰ ’ਤੇ ਕੁਝ ਲੇਖ ਮਿਲੇ ਅਤੇ ਪ੍ਰਵਾਰ ਨੇ ਪੁਲਿਸ ਨੂੰ ਸੂਚਿਤ ਕੀਤਾ, ਪਰ ਇਸ ਤੋਂ ਪਹਿਲਾਂ ਹੀ ਗੋਲੀਬਾਰੀ ਸ਼ੁਰੂ ਹੋ ਚੁੱਕੀ ਸੀ। ਹਮਲੇ ਨੇ ਕਾਲੇ ਅਮਰੀਕੀਆਂ ਨੂੰ ਨਿਸ਼ਾਨਾ ਬਣਾਉਣ ਵਾਲੇ ਪਿਛਲੇ ਹਮਲਿਆਂ ਦੀਆਂ ਉਦਾਸ ਯਾਦਾਂ ਨੂੰ ਵਾਪਸ ਲਿਆਇਆ ਹੈ ਅਤੇ ਇਸ ਕਾਰਨ ਕਾਲੇ ਲੋਕਾਂ ’ਚ ਡਰ ਪੈਦਾ ਹੋਣ ਦਾ ਖਦਸ਼ਾ ਹੈ। ਇਸ ਤੋਂ ਪਹਿਲਾਂ 2022 ’ਚ, ਨਿਊਯਾਰਕ ਦੇ ਬਫੇਲੋ ’ਚ ਇਕ ਗੋਰੇ ਹਮਲਾਵਰ ਨੇ ਕਾਲੇ ਲੋਕਾਂ ਨੂੰ ਨਿਸ਼ਾਨਾ ਬਣਾਉਂਦੇ ਹੋਏ ਇਕ ਹਮਲੇ ’ਚ 10 ਲੋਕਾਂ ਦਾ ਕਤਲ ਕਰ ਦਿਤਾ ਸੀ।