ਚੰਦਰਮਾ ਦੇ ਦੱਖਣੀ ਧਰੁਵ ‘ਤੇ ਚੰਦਰਯਾਨ-3 ਦੀ ਸਫਲ ਲੈਂਡਿੰਗ ਦੀ ਦੁਨੀਆ ਭਰ ‘ਚ ਸ਼ਲਾਘਾ ਹੋ ਰਹੀ ਹੈ। ਸਾਡਾ ਗੁਆਂਢੀ ਦੇਸ਼ ਪਾਕਿਸਤਾਨ ਵੀ ਇਸ ਦੀ ਕਾਮਯਾਬੀ ਦੀ ਤਾਰੀਫ਼ ਕਰ ਰਿਹਾ ਹੈ। ਇੱਥੇ ਵੀ ਚੰਦਰਯਾਨ-3 ਨੂੰ ਮੀਡੀਆ ਦੀ ਕਾਫੀ ਕਵਰੇਜ ਮਿਲੀ। ਸਾਬਕਾ ਮੰਤਰੀਆਂ ਅਤੇ ਨਿਊਜ਼ ਐਂਕਰਾਂ ਨੇ ਭਾਰਤੀ ਪੁਲਾੜ ਖੋਜ ਸੰਗਠਨ (ਇਸਰੋ) ਦੀ ਪ੍ਰਾਪਤੀ ਦੀ ਸ਼ਲਾਘਾ ਕੀਤੀ।
ਪਾਕਿਸਤਾਨ ਦੇ ਇੱਕ ਨਿਊਜ਼ ਸ਼ੋਅ ਦੇ ਇੱਕ ਹਿੱਸੇ ਨੇ ਆਪਣੇ ਦੇਸ਼ ਦੀਆਂ ਚੁਣੌਤੀਆਂ ਦੇ ਸੰਦਰਭ ਵਿੱਚ ਚੰਦਰਮਾ ‘ਤੇ ਭਾਰਤ ਦੀ ਪ੍ਰਾਪਤੀ ਬਾਰੇ ਚਰਚਾ ਕੀਤੀ। ਸ਼ੋਅ ਦੀ ਹੋਸਟ ਹੁਮਾ ਅਮੀਰ ਸ਼ਾਹ ਨੂੰ ਇਹ ਕਹਿੰਦੇ ਹੋਏ ਦੇਖਿਆ ਗਿਆ, “ਭਾਰਤ ਚੰਨ ‘ਤੇ ਪਹੁੰਚ ਗਿਆ ਹੈ, ਅਸੀਂ ਵਿਚਕਾਰ ਫਸ ਗਏ ਹਾਂ।” ਇਸ ਦੇ ਨਾਲ ਹੀ ਹੁਮਾ ਨੇ ਅੱਗੇ ਕਿਹਾ, ‘ਸਾਨੂੰ ਆਪਣਾ ਦਾਇਰਾ ਵਧਾਉਣ ਦੀ ਲੋੜ ਹੈ।’ ਉਸ ਨੇ ਆਪਣੇ ਸ਼ੋਅ ਦੌਰਾਨ ਐਂਕਰਾਂ ਨੂੰ ਇਹ ਵੀ ਕਿਹਾ ਕਿ ਭਾਰਤ ਅਤੇ ਪਾਕਿਸਤਾਨ ਪੁਲਾੜ ਖੋਜ ਵਰਗੇ ਖੇਤਰਾਂ ਨੂੰ ਸ਼ਾਮਲ ਕਰਕੇ ਆਪਣੀ ਦੁਸ਼ਮਣੀ ਨੂੰ ਲਾਭਦਾਇਕ ਮੁਕਾਬਲੇ ਵਿੱਚ ਬਦਲ ਸਕਦੇ ਹਨ। ਇਹ ਸ਼ੋਅ ਭਾਰਤ ਦੇ ਚੰਦਰਮਾ ਮਿਸ਼ਨ ਦੀ ਸ਼ਾਨਦਾਰ ਸਫਲਤਾ ਤੋਂ ਬਾਅਦ ਕੀਤਾ ਗਿਆ ਸੀ। ਉਨ੍ਹਾਂ ਨੇ ਇਸਰੋ ਦੇ ਚੰਦਰਯਾਨ-3 ਦਾ ਬਹੁਤ ਹੀ ਉਤਸ਼ਾਹ ਨਾਲ ਸਮਰਥਨ ਕਰਦੇ ਹੋਏ ਕਿਹਾ, ‘ਇਹ ਬਿਲਕੁਲ ਸ਼ਾਨਦਾਰ ਹੈ’। ਦੋਵਾਂ ਨੇ ਇਹ ਵੀ ਕਿਹਾ ਕਿ, ‘ਉਹ ਇਸ ਉਪਲਬਧੀ ‘ਤੇ ਬਹੁਤ ਖੁਸ਼ ਮਹਿਸੂਸ ਕਰ ਰਹੇ ਹਨ। ਦੋਵਾਂ ਨੇ ਸਵੀਕਾਰ ਕੀਤਾ ਅਤੇ ਕਿਹਾ, ‘ਅਸੀਂ ਇੱਥੇ ਬੈਠ ਕੇ ਚੰਦਰਯਾਨ-3 ‘ਤੇ ਗੱਲ ਕਰ ਕੇ ਬਹੁਤ ਖੁਸ਼ ਸੀ।’