ਬਰਮਿੰਘਮ/ ਗਲਾਸਗੋ (ਮਨਦੀਪ ਖੁਰਮੀ ਹਿੰਮਤਪੁਰਾ) ਇਹਨੀਂ ਦਿਨੀਂ ਰਾਜ ਸਭਾ ਮੈਂਬਰ ਪੰਜਾਬ ਤੇ ਵਾਤਾਵਰਣ ਪ੍ਰੇਮੀ ਸੰਤ ਬਲਬੀਰ ਸਿੰਘ ਸੀਚੇਵਾਲ ਯੂਕੇ ਫੇਰੀ ’ਤੇ ਆਏ ਹੋਏ ਹਨ। ਉਹਨਾਂ ਵੱਲੋਂ ਕੀਤੀਆਂ ਜਾ ਰਹੀਆਂ ਮੁਲਾਕਾਤਾਂ ਦੇ ਸਿਲਸਿਲੇ ਤਹਿਤ ਸ੍ਰੋਮਣੀ ਅਕਾਲੀ ਦਲ (ਬ) ਯੂਕੇ ਦੇ ਪ੍ਰਧਾਨ ਬਲਿਹਾਰ ਸਿੰਘ ਰਾਮੇਵਾਲ ਦੇ ਗ੍ਰਹਿ ਵਿਖੇ ਵੀ ਵਿਚਾਰਾਂ ਦਾ ਆਦਾਨ-ਪ੍ਰਦਾਨ ਕੀਤਾ ਗਿਆ। ਪਾਰਟੀਬਾਜ਼ੀ ਤੋਂ ਉੱਪਰ ਉੱਠ ਕੇ ਬਲਿਹਾਰ ਸਿੰਘ ਰਾਮੇਵਾਲ ਵੱਲੋਂ ਸੰਤ ਬਲਬੀਰ ਸਿੰਘ ਸੀਚੇਵਾਲ ਜੀ ਨੂੰ ਆਪਣੇ ਗ੍ਰਹਿ ਵਿਖੇ ਪਹੁੰਚਣ ਦਾ ਸੱਦਾ ਦਿੱਤਾ ਗਿਆ ਸੀ। ਉਸ ਸੱਦੇ ਨੂੰ ਪ੍ਰਵਾਨ ਕਰਦਿਆਂ ਸੰਤ ਬਲਬੀਰ ਸਿੰਘ ਸੀਚੇਵਾਲ, ਲੇਖਕ ਤੇ ਧਾਰਮਿਕ ਬੁਲਾਰਾ ਭਗਵਾਨ ਸਿੰਘ ਜੌਹਲ, ਸੰਤੋਖ ਸਿੰਘ ਰੰਧਾਵਾ ਬਲਿਹਾਰ ਸਿੰਘ ਰਾਮੇਵਾਲ ਦੀ ਮਹਿਮਾਨਨਿਵਾਜ਼ੀ ਮਾਨਣ ਤੇ ਵਿਚਾਰਾਂ ਕਰਨ ਪਹੁੰਚੇ। ਇਸ ਸਮੇਂ ਜਿੱਥੇ ਪੰਜਾਬ ਨੂੰ ਦਰਪੇਸ਼ ਆ ਰਹੀਆਂ ਕਦਮ ਦਰ ਕਦਮ ਸਮੱਸਿਆਵਾਂ ਬਾਰੇ ਖੁੱਲ੍ਹ ਕੇ ਚਰਚਾ ਹੋਈ ਉੱਥੇ ਹਾਜ਼ਰੀਨ ਵੱਲੋਂ ਸੰਤ ਸੀਚੇਵਾਲ ਨੂੰ ਬੇਨਤੀ ਕੀਤੀ ਕਿ ਨੇੜ ਭਵਿੱਖ ਵਿੱਚ ਵੀ ਪੰਜਾਬ ਨੂੰ ਹੜ੍ਹਾਂ ਵਰਗੇ ਹਾਲਾਤ ’ਚੋਂ ਬਾਹਰ ਕੱਢਣ ਲਈ ਸਰਕਾਰ ਨੂੰ ਉਚਿਤ ਸੁਝਾਅ ਦੇ ਕੇ ਅਗਾਊਂ ਹੱਲ ਕਰਵਾਏ ਜਾਣ। ਬਲਿਹਾਰ ਸਿੰਘ ਰਾਮੇਵਾਲ ਨੇ ਕਿਹਾ ਕਿ ਜੇਕਰ ਸਰਕਾਰ ਬਾਰਿਸ਼ਾਂ ਸ਼ੁਰੂ ਹੋਣ ਤੋਂ ਪਹਿਲਾਂ ਪੰਜਾਬ ਦੀਆਂ ਡਰੇਨਾਂ ਦੀ ਸਫਾਈ ਵੱਲ ਧਿਆਨ ਦੇ ਲੈਂਦੀ ਤਾਂ ਬਹੁਤ ਹੱਦ ਤੱਕ ਕਰੋਪੀ ਤੋਂ ਬਚਾਅ ਹੋ ਸਕਦਾ ਸੀ। ਉਹਨਾਂ ਸੰਤ ਸੀਚੇਵਾਲ ਨੂੰ ਅਪੀਲ ਕੀਤੀ ਕਿ ਬੇਸ਼ੱਕ ਹੜ੍ਹਾਂ ਦਾ ਖਤਰਾ ਨਿਰੰਤਰ ਬਰਕਰਾਰ ਹੈ, ਉਹ ਸਰਕਾਰ ਨੂੰ ਡਰੇਨਾਂ ਆਦਿ ਦੀ ਸਫਾਈ ਕਰਵਾਉਣ ਲਈ ਪ੍ਰੇਰਿਤ ਕਰਨ। ਬਲਿਹਾਰ ਸਿੰਘ ਰਾਮੇਵਾਲ ਵੱਲੋਂ ਪੰਜਾਬ ਵਿੱਚ ਹੋ ਰਹੀਆਂ ਨਸ਼ਿਆਂ ਕਾਰਨ ਧੜਾਧੜ ਮੌਤਾਂ ਬਾਰੇ ਵੀ ਵਿਚਾਰ ਚਰਚਾ ਕੀਤੀ ਗਈ ਤੇ ਪੰਜਾਬ ਸਰਕਾਰ ਵੱਲੋਂ ਕੋਈ ਠੋਸ ਕਦਮ ਚੁੱਕਣ ਦੀ ਤਵੱਕੋਂ ਕੀਤੀ ਗਈ। ਸੰਤ ਬਲਬੀਰ ਸਿੰਘ ਸੀਚੇਵਾਲ ਨੇ ਜਿੱਥੇ ਰਾਮੇਵਾਲ ਪਰਿਵਾਰ ਤੇ ਹਾਜ਼ਰੀਨ ਪੰਜਾਬ ਪ੍ਰਸਤ ਲੋਕਾਂ ਦਾ ਨਰੋਈ ਵਿਚਾਰ ਚਰਚਾ ਲਈ ਧੰਨਵਾਦ ਕੀਤਾ, ਉੱਥੇ ਪ੍ਰਵਾਸੀ ਪੰਜਾਬੀ ਵੀਰਾਂ ਭੈਣਾਂ ਵੱਲੋਂ ਸੁਝਾਏ ਨੁਕਤਿਆਂ ਨੂੰ ਸਰਕਾਰ ਤੱਕ ਪਹੁੰਚਾਉਣ ਦਾ ਭਰੋਸਾ ਦਿਵਾਇਆ।