•ਵਿਸ਼ਵ ਨੇਤਾਵਾਂ ਨੇ ਭਾਰਤ-ਇਸਰੋ ਨੂੰ ਵਧਾਈ ਦਿੱਤੀ
ਵਾਸ਼ਿੰਗਟਨ (ਰਾਜ ਗੋਗਨਾ )—ਚੰਦਰਯਾਨ-3 ਦੀ ਸਫਲਤਾ ਤੋਂ ਬਾਅਦ ਇਸਰੋ ਨੂੰ ਦੁਨੀਆ ਭਰ ਤੋਂ ਵਧਾਈਆਂ ਦੇ ਸੰਦੇਸ਼ ਮਿਲ ਰਹੇ ਹਨ। ਅਮਰੀਕਾ, ਬੰਗਲਾਦੇਸ਼, ਸ਼੍ਰੀਲੰਕਾ ਦੇ ਨੇਤਾ ਵੀ ਇਸਰੋ ਨੂੰ ਸ਼ੁਭਕਾਮਨਾਵਾਂ ਦੇਣ ਵਿੱਚ ਪਿੱਛੇ ਨਹੀਂ ਹਨ। ਦੂਜੇ ਪਾਸੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵਧਾਈ ਦੇਣ ਲਈ ਵਿਸ਼ਵ ਨੇਤਾਵਾਂ ਦਾ ਧੰਨਵਾਦ ਕੀਤਾ ਹੈ।ਅਮਰੀਕਾ ਦੀ ਉਪ ਰਾਸ਼ਟਰਪਤੀ ਕਮਲਾ ਹੈਰਿਸ ਨੇ ਸੋਸ਼ਲ ਮੀਡੀਆ ਪਲੇਟਫਾਰਮ ਐਕਸ (ਟਵਿਟਰ) ‘ਤੇ ਕਿਹਾ ਕਿ ਚੰਦਰਮਾ ਦੇ ਦੱਖਣੀ ਧਰੁਵ ‘ਤੇ ਚੰਦਰਯਾਨ-3 ਦੀ ਸਫਲ ਅਤੇ ਇਤਿਹਾਸਕ ਲੈਂਡਿੰਗ ਲਈ ਭਾਰਤ ਨੂੰ ਵਧਾਈ। ਇਸ ਮਿਸ਼ਨ ਵਿੱਚ ਸ਼ਾਮਲ ਸਾਰੇ ਵਿਗਿਆਨੀਆਂ ਅਤੇ ਇੰਜੀਨੀਅਰਾਂ ਲਈ ਇਹ ਇੱਕ ਸ਼ਾਨਦਾਰ ਪ੍ਰਾਪਤੀ ਹੈ। ਅਸੀਂ ਇਸ ਮਿਸ਼ਨ ਅਤੇ ਵੱਡੇ ਪੱਧਰ ‘ਤੇ ਪੁਲਾੜ ਖੋਜ ਵਿੱਚ ਤੁਹਾਡੇ ਨਾਲ ਸ਼ਾਮਲ ਹੋਣ ਲਈ ਸਨਮਾਨਿਤ ਹਾਂ। ਨਾਸਾ ਦੇ ਅਧਿਕਾਰੀ ਬਿਲ ਨੇਲਸਨ ਨੇ ਕਿਹਾ, ਚੰਦਰਮਾ ਦੇ ਦੱਖਣੀ ਧਰੁਵ ‘ਤੇ ਚੰਦਰਯਾਨ-3 ਦੀ ਸਫਲ ਲੈਂਡਿੰਗ ‘ਤੇ ਇਸਰੋ ਨੂੰ ਵਧਾਈ। ਚੰਦਰਮਾ ‘ਤੇ ਪੁਲਾੜ ਯਾਨ ਨੂੰ ਸਫਲਤਾਪੂਰਵਕ ਸਾਫਟ ਲੈਂਡ ਕਰਨ ਵਾਲਾ ਚੌਥਾ ਦੇਸ਼ ਬਣਨ ਲਈ ਭਾਰਤ ਨੂੰ ਵਧਾਈ। ਅਸੀਂ ਇਸ ਮਿਸ਼ਨ ਵਿੱਚ ਤੁਹਾਡੇ ਸਾਥੀ ਬਣ ਕੇ ਖੁਸ਼ ਹਾਂ।ਬੰਗਲਾਦੇਸ਼ ਦੀ ਪ੍ਰਧਾਨ ਮੰਤਰੀ ਸ਼ੇਖ ਹਸੀਨਾ ਨੇ ਕਿਹਾ ਕਿ ਭਾਰਤ ਦੇ ਚੰਦਰਮਾ ਮਿਸ਼ਨ ਦੀ ਸਫਲਤਾ ਦਾ ਜਸ਼ਨ ਮਨਾਉਣ ਵਿੱਚ ਬੰਗਲਾਦੇਸ਼ ਵੀ ਸ਼ਾਮਲ ਹੋਇਆ ਹੈ। ਵਿਗਿਆਨ ਅਤੇ ਪੁਲਾੜ ਤਕਨਾਲੋਜੀ ਦੇ ਖੇਤਰ ਵਿੱਚ ਭਾਰਤ ਦੀ ਤਰੱਕੀ ਸਾਰੇ ਦੱਖਣ ਏਸ਼ੀਆਈ ਦੇਸ਼ਾਂ ਲਈ ਬਹੁਤ ਮਾਣ ਅਤੇ ਪ੍ਰੇਰਨਾ ਦਾ ਵਿਸ਼ਾ ਹੈ। ਸ਼ੇਖ ਹਸੀਨਾ ਨੇ ਵੀ ਟਵੀਟ ਕਰਕੇ ਪ੍ਰਧਾਨ ਮੰਤਰੀ ਮੋਦੀ ਨੂੰ ਸ਼ੁਭਕਾਮਨਾਵਾਂ ਦਿੱਤੀਆਂ ਹਨ। ਸ਼੍ਰੀਲੰਕਾ ਦੇ ਰਾਸ਼ਟਰਪਤੀ ਰਾਨਿਲ ਵਿਕਰਮਾਸਿੰਘੇ ਨੇ ਕਿਹਾ ਕਿ ਸ਼੍ਰੀਲੰਕਾ ਨੂੰ ਵੀ ਭਾਰਤ ਦੀ ਇਤਿਹਾਸਕ ਪ੍ਰਾਪਤੀ ‘ਤੇ ਮਾਣ ਹੈ। ਉਨ੍ਹਾਂ ਨੇ ਚੰਦਰਯਾਨ-3 ਦੀ ਸਫਲਤਾ ‘ਤੇ ਪ੍ਰਧਾਨ ਮੰਤਰੀ ਮੋਦੀ ਨੂੰ ਵਧਾਈ ਦਿੱਤੀ।ਪ੍ਰਧਾਨ ਮੰਤਰੀ ਮੋਦੀ ਨੇ ਦੱਖਣੀ ਅਫ਼ਰੀਕਾ ਦੇ ਬੀਤੇਂ ਦਿਨ ਜੋਹਾਨਸਬਰਗ ਵਿੱਚ ਬ੍ਰਿਕਸ ਸੰਮੇਲਨ ਦੌਰਾਨ ਕਿਹਾ ਕਿ ਕੱਲ੍ਹ ਤੋਂ ਮੈਨੂੰ ਪੂਰੀ ਦੁਨੀਆ ਤੋਂ ਵਧਾਈ ਸੰਦੇਸ਼ ਮਿਲ ਰਹੇ ਹਨ। ਪੂਰੀ ਦੁਨੀਆ ਵਿੱਚ, ਭਾਰਤ ਦੀ ਇਸ ਪ੍ਰਾਪਤੀ ਨੂੰ ਸਿਰਫ਼ ਇੱਕ ਦੇਸ਼ ਦੀ ਨਹੀਂ, ਸਗੋਂ ਸਮੁੱਚੀ ਮਨੁੱਖਤਾ ਦੀ ਸਫਲਤਾ ਵਜੋਂ ਦੇਖਿਆ ਗਿਆ ਹੈ। ਇਹ ਦੁਨੀਆ ਭਰ ਦੇ ਭਾਰਤੀ ਵਿਗਿਆਨੀਆਂ ਨੂੰ ਵਧਾਈ ਦੇਣ ਦਾ ਮੌਕਾ ਹੈ।