ਕਰਨਾਲ – ਮਹਿਲਾ ਕੋਚ ਨਾਲ ਛੇੜਛਾੜ ਦੇ ਮਾਮਲੇ ‘ਚ ਹਰਿਆਣਾ ਦੇ ਮੰਤਰੀ ਸੰਦੀਪ ਸਿੰਘ ਦੀਆਂ ਮੁਸ਼ਕਿਲਾਂ ਵਧ ਗਈਆਂ ਹਨ। ਚੰਡੀਗੜ੍ਹ ਪੁਲਿਸ ਨੇ ਮੰਤਰੀ ਸੰਦੀਪ ਸਿੰਘ ਖ਼ਿਲਾਫ਼ ਚੰਡੀਗੜ੍ਹ ਅਦਾਲਤ ਵਿਚ ਚਲਾਨ ਪੇਸ਼ ਕੀਤਾ ਹੈ। ਹੁਣ ਅਦਾਲਤ ਇਸ ਮਾਮਲੇ ਦੀ ਸੁਣਵਾਈ ਕਰੇਗੀ। ਦੋਸ਼ ਆਇਦ ਹੋਣ ਤੋਂ ਬਾਅਦ ਇਸ ਮਾਮਲੇ ‘ਚ ਸੰਦੀਪ ਸਿੰਘ ਖਿਲਾਫ਼ ਅਪਰਾਧਿਕ ਮੁਕੱਦਮਾ ਸ਼ੁਰੂ ਹੋ ਜਾਵੇਗਾ।
ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਚੰਡੀਗੜ੍ਹ ਪੁਲਿਸ ਨੇ ਇਸ ਚਲਾਨ ਵਿਚ ਸ਼ਿਕਾਇਤਕਰਤਾ ਮਹਿਲਾ ਕੋਚ ਅਤੇ ਸੰਦੀਪ ਸਿੰਘ ਵਿਚਕਾਰ ਹੋਈ ਸੋਸ਼ਲ ਮੀਡੀਆ ਚੈਟ ਨੂੰ ਵੀ ਸ਼ਾਮਲ ਕੀਤਾ ਹੈ। ਪੁਲਿਸ ਵੱਲੋਂ ਇਹ ਚਲਾਨ ਚੀਫ਼ ਜੁਡੀਸ਼ੀਅਲ ਮੈਜਿਸਟਰੇਟ ਅਮਨ ਇੰਦਰ ਸਿੰਘ ਸੰਧੂ ਦੀ ਅਦਾਲਤ ਵਿਚ ਪੇਸ਼ ਕੀਤਾ ਗਿਆ ਹੈ। ਇਸ ਦੇ ਨਾਲ ਹੀ ਕੋਚ ਦੇ ਵਕੀਲ ਦਾ ਕਹਿਣਾ ਹੈ ਕਿ ਪੁਲਿਸ ਨੇ ਬਲਾਤਕਾਰ ਦੀ ਕੋਸ਼ਿਸ਼ ਨੂੰ ਲੈ ਕੇ ਆਈਪੀਸੀ ਦੀ ਧਾਰਾ 376 ਅਤੇ 511 ਨਹੀਂ ਜੋੜੀ ਹੈ।
ਹਰਿਆਣਾ ਦੇ ਮੰਤਰੀ ਸੰਦੀਪ ਸਿੰਘ ਨਾਲ ਛੇੜਛਾੜ ਦੇ ਮਾਮਲੇ ਵਿਚ ਚੰਡੀਗੜ੍ਹ ਪੁਲਿਸ ਨੇ ਮਹਿਲਾ ਕੋਚ ਦੇ ਮੋਬਾਈਲ ਫੋਨ ਦਾ ਡਾਟਾ ਹਾਸਲ ਕੀਤਾ ਹੈ। ਮੋਬਾਈਲ ਫੋਰੈਂਸਿਕ ਅਤੇ ਸਾਈਬਰ ਮਾਹਿਰਾਂ ਦੀ ਜਾਂਚ ਤੋਂ ਬਾਅਦ ਫੋਨ ਅਤੇ ਸੋਸ਼ਲ ਮੀਡੀਆ ‘ਤੇ ਚੈਟ ਦਾ ਡਾਟਾ ਬਰਾਮਦ ਕੀਤਾ ਗਿਆ। ਜਾਂਚ ਲਈ ਮੰਤਰੀ ਦੇ ਦੋ ਮੋਬਾਈਲ ਫ਼ੋਨ ਵੀ ਜ਼ਬਤ ਕਰ ਲਏ ਗਏ ਹਨ। ਮਹਿਲਾ ਮੁਤਾਬਕ ਖੇਡ ਮੰਤਰੀ ਨੇ ਉਸ ਨੂੰ ਖੁਸ਼ ਰੱਖਣ ਲਈ ਕਿਹਾ ਸੀ ਅਤੇ ਉਹ ਉਸ ਨੂੰ ਖੁਸ਼ ਰੱਖੇਗਾ। ਮਹਿਲਾ ਕੋਚ ਨੇ ਪਿਛਲੇ ਸਾਲ ਦਸੰਬਰ ਵਿਚ ਚੰਡੀਗੜ੍ਹ ਪੁਲਿਸ ਨੂੰ ਆਪਣੀ ਸ਼ਿਕਾਇਤ ਦਿੱਤੀ ਸੀ।