ਦੇਹਰਾਦੂਨ- ਉੱਤਰਾਖੰਡ ‘ਚ ਵੀਰਵਾਰ ਦੇਰ ਰਾਤ ਭਾਰੀ ਮੀਂਹ ਦੌਰਾਨ ਰੁਦਰਪ੍ਰਯਾਗ ਜ਼ਿਲੇ ਦੇ ਕੇਦਾਰ ਘਾਟੀ ਖੇਤਰ ‘ਚ ਜ਼ਮੀਨ ਖਿਸਕਣ ਕਾਰਨ ਚਾਰ ਮਜ਼ਦੂਰਾਂ ਦੀ ਮੌਤ ਹੋ ਗਈ। ਸਾਰੇ ਮ੍ਰਿਤਕ ਨੇਪਾਲ ਦੇ ਰਹਿਣ ਵਾਲੇ ਹਨ। ਟਿਹਰੀ ਜ਼ਿਲ੍ਹੇ ਵਿੱਚ ਜ਼ਮੀਨ ਖਿਸਕਣ ਕਾਰਨ ਪਸ਼ੂਆਂ ਦੇ ਨੁਕਸਾਨ ਦੀ ਵੀ ਸੂਚਨਾ ਮਿਲੀ ਹੈ। ਸਟੇਟ ਡਿਜ਼ਾਸਟਰ ਰਿਸਪਾਂਸ ਫੋਰਸ (ਐਸਡੀਆਰਐਫ) ਦੇ ਕਮਾਂਡਰ (ਕਮਾਂਡੈਂਟ) ਮਣੀਕਾਂਤ ਮਿਸ਼ਰਾ ਨੇ ਅੱਜ ਸਵੇਰੇ ਦੱਸਿਆ ਕਿ ਰੁਦਰਪ੍ਰਯਾਗ ਜ਼ਿਲ੍ਹੇ ਦੇ ਫਾਟਾ ਨੇੜੇ ਭਾਰੀ ਮੀਂਹ ਕਾਰਨ ਜ਼ਮੀਨ ਖਿਸਕਣ ਕਾਰਨ ਚਾਰ ਨੇਪਾਲੀ ਨਾਗਰਿਕ ਮਲਬੇ ਹੇਠ ਦੱਬ ਗਏ।
ਉਨ੍ਹਾਂ ਦੱਸਿਆ ਕਿ ਜ਼ਿਲ੍ਹਾ ਕੰਟਰੋਲ ਰੂਮ ਰੁਦਰਪ੍ਰਯਾਗ ਤੋਂ ਸਵੇਰੇ 1.37 ਵਜੇ ਸੂਚਨਾ ਮਿਲਣ ਤੋਂ ਬਾਅਦ ਐਸਡੀਆਰਐਫ ਦੀ ਟੀਮ ਤੁਰੰਤ ਇੰਸਪੈਕਟਰ ਕਰਨ ਸਿੰਘ ਦੀ ਅਗਵਾਈ ਵਿੱਚ ਮੌਕੇ ਲਈ ਰਵਾਨਾ ਹੋ ਗਈ। ਦੋਲੀਆ ਦੇਵੀ ਰੋਡ ਜਾਮ ਹੋਣ ਕਾਰਨ ਟੀਮ ਦੋ ਕਿਲੋਮੀਟਰ ਪੈਦਲ ਚੱਲ ਕੇ ਮੌਕੇ ’ਤੇ ਪੁੱਜੀ। ਜਿੱਥੇ ਭਾਰੀ ਬਰਸਾਤ ਕਾਰਨ ਜੇਸੀਬੀ ਮਸ਼ੀਨ ਦਾ ਪਹੁੰਚਣਾ ਸੰਭਵ ਨਹੀਂ ਹੋ ਸਕਿਆ। ਐਸਡੀਆਰਐਫ ਦੇ ਜਵਾਨਾਂ ਨੇ ਖੁਦ ਖੁਦਾਈ ਕਰਕੇ ਬਚਾਅ ਕਾਰਜ ਸ਼ੁਰੂ ਕੀਤਾ। ਟੀਮ ਨੇ ਮਲਬੇ ਵਿੱਚੋਂ ਚਾਰ ਲਾਸ਼ਾਂ ਨੂੰ ਕੱਢ ਕੇ ਜ਼ਿਲ੍ਹਾ ਪੁਲੀਸ ਹਵਾਲੇ ਕਰ ਦਿੱਤਾ।