ਹਿਊਸਟਨ: ਹਿਊਸਟਨ ਨੇੜੇ ਭਗਵਾਨ ਹਨੂੰਮਾਨ ਦੀ 90 ਫੁੱਟ ਉੱਚੀ ਕਾਂਸੀ ਦੀ ਮੂਰਤੀ ਦਾ ਉਦਘਾਟਨ ਕੀਤਾ ਗਿਆ ਹੈ, ਜੋ ਅਮਰੀਕਾ ਦੇ ਸੱਭਿਆਚਾਰਕ ਅਤੇ ਅਧਿਆਤਮਿਕ ਦ੍ਰਿਸ਼ ਵਿੱਚ ਇੱਕ ਨਵਾਂ ਅਧਿਆਏ ਦੀ ਨਿਸ਼ਾਨਦੇਹੀ ਕਰਦਾ ਹੈ। ਇਹ ਮੂਰਤੀ ਟੈਕਸਾਸ ਵਿੱਚ ਨਵੀਨਤਮ ਮੀਲ ਪੱਥਰ ਬਣ ਗਈ ਹੈ, ਜੋ ਬਹੁਤ ਦੂਰੀ ਤੋਂ ਦਿਖਾਈ ਦਿੰਦੀ ਹੈ ਅਤੇ ਸੰਯੁਕਤ ਰਾਜ ਵਿੱਚ ਤੀਜੀ ਸਭ ਤੋਂ ਉੱਚੀ ਮੂਰਤੀ ਹੈ। ਪ੍ਰਬੰਧਕਾਂ ਨੇ ਦੱਸਿਆ ਕਿ ਇਸ ਬੁੱਤ ਨੂੰ ‘ਸਟੈਚੂ ਆਫ ਯੂਨੀਅਨ’ ਦਾ ਨਾਂ ਦਿੱਤਾ ਗਿਆ ਹੈ ਅਤੇ ਇਹ ਦੁਨੀਆ ਦੀਆਂ ਸਭ ਤੋਂ ਉੱਚੀਆਂ ਮੂਰਤੀਆਂ ਵਿੱਚੋਂ ਇੱਕ ਹੈ।
ਇਹ ਭਾਰਤ ਤੋਂ ਬਾਹਰ ਹਨੂੰਮਾਨ ਦੀ ਸਭ ਤੋਂ ਉੱਚੀ ਮੂਰਤੀ ਹੈ ।ਪ੍ਰਬੰਧਕਾਂ ਨੇ ਦੱਸਿਆ ਕਿ ਇੱਥੋਂ ਕਰੀਬ 35 ਕਿਲੋਮੀਟਰ ਦੂਰ ਸ਼ੂਗਰ ਲੈਂਡ ਸਥਿਤ ਸ਼੍ਰੀ ਅਸ਼ਟਲਕਸ਼ਮੀ ਮੰਦਿਰ ਵਿਖੇ 15 ਤੋਂ 18 ਅਗਸਤ ਤੱਕ ਆਯੋਜਿਤ ਵਿਸ਼ਾਲ ਪ੍ਰਾਣ ਪ੍ਰਤਿਸ਼ਠਾ ਮਹੋਤਸਵ ਸਮਾਰੋਹ ਦੌਰਾਨ ‘ਸਟੈਚੂ ਆਫ ਯੂਨੀਅਨ’ ਹਨੂੰਮਾਨ ਦੀ ਮੂਰਤੀ ਦਾ ਉਦਘਾਟਨ ਕੀਤਾ ਗਿਆ। ਉਨ੍ਹਾਂ ਅਨੁਸਾਰ ਇਹ ਮੂਰਤੀ ਨਿਰਸਵਾਰਥਤਾ, ਸ਼ਰਧਾ ਅਤੇ ਏਕਤਾ ਦਾ ਪ੍ਰਤੀਕ ਹੈ। ਉਨ੍ਹਾਂ ਕਿਹਾ ਕਿ ਭਗਵਾਨ ਰਾਮ ਅਤੇ ਸੀਤਾ ਦੇ ਪੁਨਰ-ਮਿਲਨ ਵਿੱਚ ਹਨੂੰਮਾਨ ਦੀ ਅਹਿਮ ਭੂਮਿਕਾ ਦੇ ਸਨਮਾਨ ਵਿੱਚ ਇਸ ਮੂਰਤੀ ਦਾ ਨਾਮ – ‘ਸਟੈਚੂ ਆਫ਼ ਯੂਨੀਅਨ’ ਰੱਖਿਆ ਗਿਆ ਹੈ।