ਉੱਤਰੀ ਕੋਰੀਆ : 3 ਦਿਨ ਪਹਿਲਾਂ ਕੈਂਪ ਡੇਵਿਡ ਸੰਮੇਲਨ ਦੌਰਾਨ ਅਮਰੀਕਾ, ਜਾਪਾਨ ਅਤੇ ਦੱਖਣੀ ਕੋਰੀਆ ਦੇ ਨੇਤਾਵਾਂ ਨੇ ਮੁਲਾਕਾਤ ਕੀਤੀ ਸੀ। ਇਸ ਬੈਠਕ ‘ਚ ਉੱਤਰੀ ਕੋਰੀਆ ਤੋਂ ਵਧਦੇ ਮਿਜ਼ਾਈਲ ਅਤੇ ਪਰਮਾਣੂ ਖਤਰੇ ਦੇ ਮੱਦੇਨਜ਼ਰ ਬੈਲਿਸਟਿਕ ਮਿਜ਼ਾਈਲ ਰੱਖਿਆ ‘ਤੇ ਆਪਸੀ ਸਹਿਯੋਗ ‘ਤੇ ਤਿੰਨਾਂ ਦੇਸ਼ਾਂ ਵਿਚਾਲੇ ਸਮਝੌਤਾ ਹੋਇਆ ਹੈ।
ਹੁਣ ਤਾਨਾਸ਼ਾਹ ਕਿਮ ਜੋਂਗ ਉਨ ਦੀ ਮੌਜੂਦਗੀ ‘ਚ ਕਰੂਜ਼ ਮਿਜ਼ਾਈਲ ਦਾ ਪ੍ਰੀਖਣ ਕੀਤਾ ਹੈ। ਉੱਤਰੀ ਕੋਰੀਆ ਦੇ ਸਰਕਾਰੀ ਮੀਡੀਆ ਕੇਸੀਐਨਏ ਨੇ ਸੋਮਵਾਰ ਨੂੰ ਇਹ ਜਾਣਕਾਰੀ ਦਿੱਤੀ। ਰਿਪੋਰਟ ਮੁਤਾਬਕ ਕਰੂਜ਼ ਮਿਜ਼ਾਈਲ ਦਾ ਪ੍ਰੀਖਣ ਜਲ ਸੈਨਾ ਦੇ ਜਹਾਜ਼ ਤੋਂ ਕੀਤਾ ਗਿਆ। ਮੰਨਿਆ ਜਾ ਰਿਹਾ ਹੈ ਕਿ ਇਹ ਮਿਜ਼ਾਈਲ ਪਰਮਾਣੂ ਹਥਿਆਰਾਂ ਨੂੰ ਲਿਜਾਣ ਦੇ ਸਮਰੱਥ ਹੈ।
ਉੱਤਰੀ ਕੋਰੀਆ ਦੇ ਕਰੂਜ਼ ਮਿਜ਼ਾਈਲ ਪ੍ਰੀਖਣ ਦੀ ਜਾਣਕਾਰੀ ਅਜਿਹੇ ਸਮੇਂ ‘ਚ ਆਈ ਹੈ ਜਦੋਂ ਅਮਰੀਕਾ ਅਤੇ ਦੱਖਣੀ ਕੋਰੀਆ ਆਪੋ-ਆਪਣੇ ਸਾਲਾਨਾ ਅਭਿਆਸ ਕਰ ਰਹੇ ਹਨ। ਉੱਤਰੀ ਕੋਰੀਆ ਇਸ ਅਭਿਆਸ ਨੂੰ ਹਮਲੇ ਦੀ ਤਿਆਰੀ ਵਜੋਂ ਦੇਖ ਰਿਹਾ ਹੈ। ਇਸ ਤੋਂ ਇਲਾਵਾ ਕਿਮ ਨੇ ਪੈਟਰੋਲ ਜਹਾਜ਼ ‘ਤੇ ਸਵਾਰ ਹੋ ਕੇ ਜਲ ਸੈਨਾ ਦੇ ਹਥਿਆਰਾਂ ਅਤੇ ਜੰਗ ਦੀਆਂ ਤਿਆਰੀਆਂ ਦਾ ਜਾਇਜ਼ਾ ਵੀ ਲਿਆ।
ਏਜੰਸੀ ਦੁਆਰਾ ਜਾਰੀ ਕੀਤੀਆਂ ਗਈਆਂ ਤਸਵੀਰਾਂ ਵਿੱਚ ਕਿਮ ਨੂੰ ਇੱਕ ਗਸ਼ਤੀ ਜਹਾਜ਼ ਦੇ ਉੱਪਰ ਖੜ੍ਹੇ ਮਿਜ਼ਾਈਲ ਪ੍ਰੀਖਣ ਨੂੰ ਦੇਖਦੇ ਹੋਏ ਦੇਖਿਆ ਜਾ ਸਕਦਾ ਹੈ।