ਜਲੰਧਰ : ਰਾਮਾ ਮੰਡੀ – ਹੁਸ਼ਿਆਰਪੁਰ ਮਾਰਗ ਤੇ ਸਥਿਤ ਗੁਰਦੁਆਰਾ ਸੰਤ ਬਾਬਾ ਗੋਪਾਲ ਸਿੰਘ ਜੀ ਜੌਹਲਾਂ ਵਿਖੇ ਸੰਤ ਬਾਬਾ ਜੀਤ ਸਿੰਘ ਜੀ ਦੇ 34ਵੇਂ ਸਲਾਨਾ ਬਰਸੀ ਸਮਾਗਮ ਕਰਵਾਏ ਗਏ। ਇਸ ਬਾਰੇ ਜਾਣਕਾਰੀ ਦਿੰਦਿਆਂ ਮੁੱਖ ਗ੍ਰੰਥੀ ਸਿੰਘ ਭਾਈ ਗੁਰਦੀਪ ਸਿੰਘ ਨੇ ਦੱਸਿਆ ਕਿ ਇਹ ਸਮਾਗਮ ਗੁਰਦੁਆਰਾ ਸਾਹਿਬ ਜੀ ਦੇ ਮੌਜੂਦਾ ਮੁੱਖ ਪ੍ਰਬੰਧਕ ਸੰਤ ਬਾਬਾ ਜੀਤ ਸਿੰਘ ਜੀ ਨਿਰਮਲ ਕੁਟੀਆ ਜੌਹਲਾਂ ਵਾਲਿਆਂ ਦੀ ਅਗਵਾਈ ਵਿਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ ਛਾਇਆ ਹੇਠ ਮਨਾਏ ਗਏ। ਉਨ੍ਹਾਂ ਦੱਸਿਆ ਕਿ 13 ਅਗਸਤ 2024 ਨੂੰ ਦੋ ਸ੍ਰੀ ਆਖਡ ਪਾਠ ਸਾਹਿਬ ਜੀ ਦੇ ਪਾਠ ਆਰੰਭ ਕਰਵਾਏ ਗਏ ।ਅਤੇ 15 ਅਗਸਤ ਨੂੰ ਇਨ੍ਹਾਂ ਦੇ ਭੋਗ ਪਾਉਣ ਉਪਰੰਤ, ਦੋ ਆਖੰਡ ਪਾਠ ਸਾਹਿਬ ਹੋਰ ਆਰੰਭ ਕਰਵਾਏ ਗਏ ਦੋ ਜਿਨ੍ਹਾਂ ਦੇ ਭੋਗ ਬਰਸੀ ਵਾਲੇ ਦਿਨ 17 ਅਗਸਤ ਸ਼ਨੀਵਾਰ ਨੂੰ ਪਾਏ ਗਏ । ਇਸ ਉਪਰੰਤ ਸੰਤ ਜਤਿੰਦਰ ਸਿੰਘ ਜੀ ਨਿਰਮਲ ਕੁਟੀਆ ਜੌਹਲਾਂ ਵਾਲਿਆ ਤੋਂ ਇਲਾਵਾ ਹੋਰ ਰਾਗੀ ਸਿੰਘਾਂ ਅਤੇ ਢਾਡੀ ਜਥਿਆਂ ਵੱਲੋਂ ਵੀ ਇਲਾਹੀ ਬਾਣੀ ਦਾ ਕੀਰਤਨ ਕਰਦੇ ਹੋਏ ਸੰਗਤਾਂ ਨੂੰ ਨਿਹਾਲ ਕੀਤਾ ਗਿਆ। ਸੰਤ ਸੁਰਿੰਦਰ ਸਿੰਘ ਜੀ ਵਲੋਂ ਕਥਾ ਕਰਦੇ ਹੋਏ ਗੁਰਸਿੱਖ ਦੇ ਜੀਵਨ , ਸਾਧੂ, ਸੰਤ ਅਤੇ ਭਗਤਾਂ ਬਾਰੇ ਗੁਰੂ ਸਾਹਿਬਾਨ ਵਲੋਂ ਉਚਾਰਨ ਕੀਤੀ ਗਈ ਗੁਰਬਾਣੀ ਦੀਆਂ ਵਿਚਾਰਾਂ ਸਾਂਝੀਆਂ ਕਰਦੇ ਹੋਏ ਸੰਗਤਾਂ ਨੂੰ ਨਾਮ ਬਾਣੀ ਨਾਲ ਜੋੜਿਆ ਗਿਆ। ਉਨ੍ਹਾਂ ਵਲੋਂ ਸੰਤ ਬਾਬਾ ਜੀਤ ਸਿੰਘ ਜੀ ਦੇ ਸੇਵਾ ਭਾਵਨਾ ਵਾਲੇ ਜੀਵਨ ਤੇ ਚਾਨਣਾ ਪਾਉਂਦੇ ਹੋਏ ਹਾਜ਼ਰ ਸੰਗਤਾਂ ਅਤੇ ਨੋਜਵਾਨ ਪੀੜ੍ਹੂ ਨੂੰ ਬਾਬਾ ਜੀ ਵਲੋਂ ਦਰਸਾਏ ਗਏ ਮਾਰਗ ਤੇ ਚੱਲਦੇ ਹੋਏ ਅੰਮ੍ਰਿਤ ਛਕ ਕੇ ਸੇਵਾ ਭਾਵਨਾ ਵਾਲਾ ਜੀਵਨ ਬਤੀਤ ਕਰਨ ਲਈ ਪ੍ਰੇਰਿਆ ਗਿਆ। ਸਟੇਜ ਸਕੱਤਰ ਦੀ ਭੂਮਿਕਾ ਨਿਭਾਉਂਦੇ ਹੋਏ ਗਿਆਨੀ ਅਵਤਾਰ ਸਿੰਘ ਜੀ ਵਲੋਂ ਸਮਾਗਮ ਵਿੱਚ ਪਹੁੰਚੇ ਹੋਏ ਸਾਧੂ, ਸੰਤਾਂ ਅਤੇ ਸੰਗਤਾਂ ਦਾ ਧੰਨਵਾਦ ਕੀਤਾ ਗਿਆ । ਇਸ ਮੌਕੇ ਸਕੱਤਰ ਵੱਲੋਂ ਮੁੱਖ ਪ੍ਰਬੰਧਕ ਸੰਤ ਬਾਬਾ ਜੀਤ ਸਿੰਘ ਜੀ ਨਿਰਮਲ ਕੁਟੀਆ ਜੌਹਲਾਂ ਵਾਲਿਆ ਵਲੋਂ ਵਿਦੇਸ਼ ਤੋਂ ਭੇਜੇ ਸੰਦੇਸ਼ ਨੂੰ ਪੜ੍ਹ ਕੇ ਸੁਣਾਇਆ ਗਿਆ ਅਤੇ ਜੈਕਾਰੇ ਲਾਉਂਦੇ ਹੋਏ ਬਾਬਾ ਜੀ ਵਲੋਂ ਬੁਲਾਈ ਗਈ ਫਤਿਹ ਸੰਗਤਾਂ ਨਾਲ ਸਾਂਝੀ ਕੀਤੀ ਗਈ। ਸਮਾਗਮ ਦੇ ਅੰਤ ਵਿਚ ਚਾਹ ਪਕੌੜਿਆਂ ਸਮੇਤ ਗੁਰੂ ਕੇ ਅਤੁੱਟ ਲੰਗਰ ਵਰਤਾਏ ਗਏ।