ਬੰਦ ਪਈਆਂ ਸਟਰੀਟ ਲਾਈਟਾਂ ਕਾਰਨ ਨਿਊ ਬਸ਼ੀਰਪੁਰਾ ਨਿਵਾਸੀ ਕਈ ਦਿਨਾਂ ਤੋਂ ਪਰੇਸ਼ਾਨ
ਜਲੰਧਰ (Jatinder Rawat)- ਜਲੰਧਰ ਦੇ ਵਾਰਡ 17 ਅਧੀਨ ਆਉਂਦਾ ਇਲਾਕਾ ਨਿਊ ਬਸ਼ੀਰਪੁਰਾ ਵਿਚ ਲੋਕ ਬੰਦ ਪਈਆਂ ਸਟਰੀਟ ਲਾਈਟਾਂ ਤੋਂ ਕਾਫੀ ਪਰੇਸ਼ਾਨ ਹਨ। ਇਥੇ ਪਿਛਲੇ 10-15 ਦਿਨਾਂ ਤੋਂ ਸਾਰੇ ਇਲਾਕੇ ਦੀਆਂ ਸਟਰੀਟ ਲਾਈਟਾਂ ਬੰਦ ਪਈਆਂ ਹਨ ਜਿਸ ਕਾਰਨ ਲੋਕਾਂ ਨੂੰ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਲਾਕੇ ਦੇ ਵਸਨੀਕ ਸ਼ਰਧਾ ਮਨੀ ਅਤੇ ਬਿਸ਼ੰਬਰ ਦੱਤ ਨੇ ਦੱਸਿਆ ਕਿ ਇਥੇ ਕਈ-ਕਈ ਦਿਨ ਸਟਰੀਟ ਲਾਈਟਾਂ ਬੰਦ ਰਹਿੰਦੀਆਂ ਹਨ ਤੇ ਕੰਪਲੇਂਟ ਕਰਨ ’ਤੇ ਵੀ ਉਨ੍ਹਾਂ ਵੱਲ ਕੋਈ ਧਿਆਨ ਨਹੀਂ ਦਿੱਤਾ ਜਾਂਦਾ। ਸ਼ਰਧਾ ਮਨੀ ਨੇ ਦੱਸਿਆ ਕਿ ਇਲਾਕੇ ਦੇ ਵਾਰਡ ਪ੍ਰਧਾਨ ਦੀਨਾਨਾਥ ਜੋ ਕਿ ਕਹਿੰਦੇ ਹਨ ਕਿ ਇਲਾਕੇ ਦੀ ਕਿਸੇ ਵੀ ਸਮੱਸਿਆ ਲਈ ਉਨ੍ਹਾਂ ਕੋਲ ਆਓ ਉਹ ਉਨ੍ਹਾਂ ਦੀ ਸਮੱਸਿਆ ਦਾ ਹੱਲ ਕਰਵਾਉਣਗੇ ਉਨ੍ਹਾਂ ਨੂੰ ਵੀ ਇਸ ਸੰਬੰਧੀ ਜਾਣੂੰ ਕਰਵਾਇਆ ਗਿਆ ਪਰ ਉਨ੍ਹਾਂ ਵੱਲੋਂ ਵੀ ਇਸ ਪਾਸੇ ਕੋਈ ਧਿਆਨ ਨਹੀਂ ਦਿੱਤਾ ਜਾਂਦਾ। ਸ਼ਰਧਾ ਮਨੀ ਨੇ ਦੱਸਿਆ ਕਿ ਇਲਾਕੇ ਵਿਚ ਮੱਛਰਾਂ ਦੇ ਕਾਰਨ ਡੇਂਗੂ ਅਤੇ ਮਲੇਰੀਆ ਦਾ ਖਤਰਾ ਬਣਿਆ ਹੈ ਅਤੇ ਇਸ ਸਬੰਧੀ ਦੀਨਾਨਾਥ ਪ੍ਰਧਾਨ ਨੂੰ ਬੇਨਤੀ ਕੀਤੀ ਗਈ ਸੀ ਕਿ ਇਲਾਕੇ ਵਿਚ ਫੋਗਿੰਗ ਕਰਵਾਈ ਜਾਵੇ ਪਰ ਬਰਸਾਤ ਦਾ ਮੌਸਮ ਖਤਮ ਹੋ ਗਿਆ ਹੈ ਤੇ ਇਲਾਕੇ ਵਿਚ ਇਕ ਵਾਰ ਵੀ ਫੋਗਿੰਗ ਨਹੀਂ ਕੀਤੀ ਗਈ।
ਇਲਾਕੇ ਦੇ ਵਸਨੀਕ ਬਿਸ਼ੰਬਰ ਦੱਤ ਨੇ ਦੱਸਿਆ ਕਿ ਇਲਾਕੇ ਵਿਚ ਆਵਾਰਾ ਕੁੱਤਿਆਂ ਦੀ ਭਰਮਾਰ ਹੈ। ਆਵਾਰਾ ਕੁੱਤਿਆਂ ਦੇ ਝੂੰਡ ਗਲੀਆਂ ਵਿਚ ਘੁੰਮਦੇ ਫਿਰਦੇ ਹਨ ਜਿਸ ਕਾਰਨ ਸਾਨੂੰ ਛੋਟੇ ਬੱਚਿਆਂ ਨੂੰ ਬਾਹਰ ਭੇਜਣ ਤੋਂ ਵੀ ਡਰ ਲੱਗਦਾ ਹੈ। ਉਨ੍ਹਾਂ ਸੈਂਟਰਲ ਹਲਕੇ ਤੋਂ ਵਿਧਾਇਕ ਰਮਨ ਅਰੋੜਾ ਨੂੰ ਬੇਨਤੀ ਕੀਤੀ ਕਿ ਇਲਾਕੇ ਵੱਲ ਧਿਆਨ ਦਿੱਤਾ ਜਾਵੇ ਅਤੇ ਉਨ੍ਹਾਂ ਦੇ ਇਲਾਕੇ ਦੀਆਂ ਸਮੱਸਿਆਵਾਂ ਨੂੰ ਜਲਦ ਤੋਂ ਜਲਦ ਨਿਪਟਾਰਾ ਕੀਤਾ ਜਾਵੇ।
ਜਦੋਂ ਇਸ ਸੰਬੰਧੀ ਇਲਾਕੇ ਦੇ ਵਾਰਡ ਪ੍ਰਧਾਨ ਦੀਨਾਨਾਥ ਜੀ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਉਹ ਸ਼ਹਿਰ ਤੋਂ ਬਾਹਰ ਹਨ। ਉਨ੍ਹਾਂ ਕਿਹਾ ਕਿ ਉਹ ਜਲਦ ਹੀ ਨਿਊ ਬਸ਼ੀਰਪੁਰਾ ਇਲਾਕੇ ਦੇ ਲੋਕਾਂ ਦੀਆਂ ਸਮੱਸਿਆਵਾਂ ਨੂੰ ਵਿਧਾਇਕ ਰਮਨ ਅਰੋੜਾ ਦੇ ਧਿਆਨ ਵਿਚ ਲਿਆ ਕੇ ਹੱਲ ਕਰਵਾਉਣਗੇ।