ਜਲੰਧਰ – ਜਲੰਧਰ ਦੇ ਮੀਡੀਆ ਜਗਤ ਨੂੰ ਉਸ ਵੇਲੇ ਵੱਡਾ ਸਦਮਾ ਲੱਗਾ ਜਦੋਂ ਇਹ ਖਬਰ ਮਿਲੀ ਕਿ ਨਿਡਰ ਅਤੇ ਜੁਝਾਰੂ ਪੱਤਰਕਾਰ ਰਵੀ ਗਿੱਲ ਇਸ ਦੁਨੀਆਂ ਨੂੰ ਹਮੇਸ਼ਾ ਲਈ ਛੱਡ ਗਿਆ। ਜਾਣਕਾਰੀ ਦੇ ਅਨੁਸਾਰ ਪੱਤਰਕਾਰ ਰਵੀ ਗਿੱਲ ਨੇ ਕੋਈ ਜ਼ਹਿਰੀਲੀ ਚੀਜ਼ ਨਿਗਲ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਦਿੱਤੀ। ਮੁੱਢਲੀ ਜਾਣਕਾਰੀ ਤੋਂ ਪਤਾ ਲੱਗਾ ਹੈ ਕਿ ਰਵੀ ਗਿੱਲ ਕਾਫੀ ਸਮੇਂ ਤੋਂ ਪਰੇਸ਼ਾਨੀ ਵਿਚ ਸੀ। ਫਿਲਹਾਲ ਜਲੰਧਰ ਦੇ ਪਟੇਲ ਹਸਪਤਾਲ ਵਿਚ ਪੁਲਸ ਪਹੁੰਚ ਗਈ ਹੈ ਅਤੇ ਪਰਿਵਾਰਕ ਮੈਂਬਰਾਂ ਦੇ ਬਿਆਨ ਲਏ ਜਾ ਰਹੇ ਹਨ। ਰਵੀ ਗਿੱਲ ਦੇ ਦੇਹਾਂਤ ਦੀ ਖਬਰ ਜਿਵੇਂ ਹੀ ਸਾਹਮਣੇ ਆਈ ਮੀਡੀਆ ਜਗਤ ਵਿਚ ਸਦਮੇ ਦੀ ਲਹਿਰ ਦੌੜ ਗਈ।
ਜ਼ਿਕਰਯੋਗ ਹੈ ਕਿ ਰਵੀ ਗਿੱਲ ਨੇ ਜਲੰਧਰ ਵਿਚ ਪੱਤਰਕਾਰੀ ਦੇ ਖੇਤਰ ਵਿਚ ਵੱਖਰੀ ਪਛਾਣ ਬਣਾਈ ਸੀ। ਉਸ ਨੇ ਬਹੁਤ ਥੋੜ੍ਹੇ ਸਮੇਂ ਵਿਚ ਮੀਡੀਆ ਦੇ ਖੇਤਰ ਵਿਚ ਚੰਗਾ ਨਾਮ ਕਮਾਇਆ ਸੀ ਅਤੇ ਉਸ ਦਾ ਨਾਂ ਜਲੰਧਰ ਦੇ ਮੁੱਢਲੀ ਕਤਾਰ ਦੇ ਪੱਤਰਕਾਰਾਂ ਵਿਚ ਲਿਆ ਜਾਂਦਾ ਸੀ। ਪਿਛਲੇ ਕੁਝ ਸਮੇਂ ਪਹਿਲਾਂ ਉਸ ਨੇ ਸਾਂਝਾ ਪੰਜਾਬ ਨਾਂ ਤੋਂ ਆਪਣਾ ਨਿਊਜ਼ ਚੈਨਲ ਸ਼ੁਰੂ ਕੀਤਾ ਸੀ ਜੋ ਕਿ ਬਹੁਤ ਥੋੜ੍ਹੇ ਸਮੇਂ ਵਿਚ ਹੀ ਕਾਫੀ ਮਕਬੂਲ ਹੋ ਗਿਆ। ਰਵੀ ਗਿੱਲ ਦੇ ਅਚਾਨਕ ਜਾਣ ਨਾਲ ਮੀਡੀਆ ਜਗਤ ਨੂੰ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਹੈ।