ਬਰੈਂਪਟਨ : ਕੈਨੇਡਾ ਵਿਚ ਸਿੱਖ ਨੌਜਵਾਨ ਨੂੰ ਜਾਨਲੇਵਾ ਸੜਕ ਹਾਦਸੇ ਦਾ ਦੋਸ਼ੀ ਕਰਾਰ ਦਿਤਾ ਗਿਆ ਹੈ ਅਤੇ ਸਜ਼ਾ ਦਾ ਐਲਾਨ ਅਕਤੂਬਰ ਵਿਚ ਕੀਤਾ ਜਾਵੇਗਾ। ਅਦਾਲਤੀ ਦਸਤਾਵੇਜ਼ਾਂ ਮੁਤਾਬਕ 11 ਸਤੰਬਰ 2021 ਨੂੰ ਵਾਪਰੇ ਹਾਦਸੇ ਦੌਰਾਨ ਏਕਮਜੋਤ ਸਿੰਘ ਸੰਧੂ ਆਪਣੀ ਗੱਡੀ ਵਿਚ 120 ਕਿਲੋਮੀਟਰ ਪ੍ਰਤੀ ਘੰਟਾ ਦੀ ਰਫ਼ਤਾਰ ਨਾਲ ਜਾ ਰਿਹਾ ਸੀ ਜਦੋਂ ਬਰੈਂਪਟਨ ਵਿਖੇ ਇਕ ਟੈਕਸੀ ਨੂੰ ਟੱਕਰ ਮਾਰ ਦਿਤੀ ਅਤੇ ਟੈਕਸੀ ਡਰਾਈਵਰ ਦੀ ਮੌਤ ਹੋ ਗਈ। ਹਾਦਸੇ ਵੇਲੇ ਏਕਮਜੋਤ ਸੰਧੂ ਦੀ ਫੌਕਸਵੈਗਨ ਜੈਟਾ ਕਾਰ ਵਿਚ ਜਸਨੀਤ ਬਡਵਾਲ ਵੀ ਮੌਜੂਦ ਸੀ ਜਿਸ ਦੀ ਗਵਾਹੀ ’ਤੇ ਏਕਮਜੋਤ ਸੰਧੂ ਨੂੰ ਦੋਸ਼ੀ ਕਰਾਰ ਦਿਤਾ ਗਿਆ ਹੈ। ਦੂਜੇ ਪਾਸੇ ਏਕਮਜੋਤ ਸੰਧੂ ਨੇ ਦੋਸ਼ ਕਬੂਲ ਕਰਨ ਤੋਂ ਨਾਂਹ ਕਰ ਦਿਤੀ।
ਵੀਰਵਾਰ ਨੂੰ ਅਦਾਲਤੀ ਕਾਰਵਾਈ ਦੌਰਾਨ ਜਿਊਰੀ ਨੇ ਤਕਰੀਬਨ ਛੇ ਘੰਟੇ ਤੱਕ ਵਿਚਾਰ ਵਟਾਂਦਰਾ ਕਰਨ ਮਗਰੋਂ ਏਕਮਜੋਤ ਸੰਧੂ ਨੂੰ ਸ਼ਰਾਬ ਪੀ ਕੇ ਗੱਡੀ ਚਲਾਉਂਦਿਆਂ ਮੌਤ ਦਾ ਕਾਰਨ ਬਣਨ ਸਣੇ ਸਾਰੇ ਦੋਸ਼ਾਂ ਅਧੀਨ ਕਸੂਰਵਾਰ ਠਹਿਰਾਇਆ। ਅਦਾਲਤ ਵਿਚ ਮਾਮਲੇ ਦੀ ਸੁਣਵਾਈ ਦੌਰਾਨ ਜਿਊਰੀ ਨੂੰ ਦੱਸਿਆ ਕਿ ਬਰੈਂਪਟਨ ਦੇ ਵਿੰਸਟਨ ਚਰਚਿਲ ਬੁਲੇਵਾਰਡ ਵਿਖੇ ਕਾਲੇ ਰੰਗ ਦੀ ਫੌਕਸਵੈਗਨ ਜੈਟਾ ਦੀ ਟੱਕਰ ਸਾਹਮਣੇ ਤੋਂ ਆ ਰਹੀ ਸੁਬਾਰੂ ਨਾਲ ਹੋਈ। ਸੁਬਾਰੂ ਵਿਚ ਸਵਾਰ ਮੈਥਿਊ ਕ੍ਰਜ਼ ਊਬਰ ਦਾ ਕੰਮ ਖਤਮ ਕਰ ਕੇ ਘਰ ਪਰਤ ਰਿਹਾ ਸੀ ਅਤੇ ਜਦੋਂ ਉਸ ਨੇ ਖੱਬੇ ਪਾਸੇ ਮੁੜਨ ਦਾ ਯਤਨ ਕੀਤਾ ਤਾਂ ਹਾਦਸਾ ਵਾਪਰ ਗਿਆ। ਪੁਲਿਸ ਮੁਤਾਬਕ ਵਿੰਸਟਨ ਚਰਚਿਲ ਬੁਲੇਵਾਰਡ ਵਿਖੇ ਗੱਡੀ ਦੀ ਰਫ਼ਤਾਰ 60 ਕਿਲੋਮੀਟਰ ਪ੍ਰਤੀ ਘੰਟਾ ਤੋਂ ਵੱਧ ਨਹੀਂ ਹੋ ਸਕਦੀ ਪਰ ਏਕਮਜੋਤ ਸੰਧੂ ਦੁੱਗਣੀ ਰਫ਼ਤਾਰ ’ਤੇ ਜਾ ਰਿਹਾ ਸੀ। ਏਕਮਜੋਤ ਸੰਧੂ ਵੱਲੋਂ ਪੁਲਿਸ ਅੱਗੇ ਦਿਤੇ ਬਿਆਨ ਦੀ ਵੀਡੀਓ ਰਿਕਾਰਡਿੰਗ ਵੀ ਮੌਜੂਦ ਹੈ ਜਿਸ ਵਿਚ ਉਹ ਸ਼ਰਾਬ ਪੀਤੀ ਹੋਣ ਅਤੇ ਭੰਗ ਦਾ ਨਸ਼ਾ ਕੀਤੇ ਹੋਣ ਦਾ ਜ਼ਿਕਰ ਕਰ ਰਿਹਾ ਹੈ ਪਰ ਨਾਲ ਹੀ ਕਹਿੰਦਾ ਹੈ ਕਿ ਗੱਡੀ ‘ਜੇਅ’ ਨਾਂ ਦਾ ਸ਼ਖਸ ਚਲਾ ਰਿਹਾ ਸੀ।