ਸੈਕਰਾਮੈਂਟੋ,ਕੈਲੀਫੋਰਨੀਆ (ਹੁਸਨ ਲੜੋਆ ਬੰਗਾ)- ਔਰੇਂਜ ਕਾਊਂਟੀ,ਕੈਲੀਫੋਰਨੀਆ ਦੀ ਇਕ ਸੁਪਰੀਅਰ ਕੋਰਟ ਦੇ ਜੱਜ ਜਿਸ ‘ਤੇ ਆਪਣੀ ਪਤਨੀ ਦੀ ਗੋਲੀ ਮਾਰ ਕੇ ਹੱਤਿਆ ਕਰਨ ਦਾ ਸ਼ੱਕ ਹੈ, ਨੇ ਆਪਣੇ ਉਪਰ ਲੱਗੇ ਦੋਸ਼ਾਂ ਤੋਂ ਇਨਕਾਰ ਕੀਤਾ ਹੈ। ਜੱਜ ਜੈਫਰੀ ਫਰਗੂਸਨ (72) ਨੂੰ ਪਿਛਲੇ ਹਫਤੇ ਪਤਨੀ ਦੀ ਹੱਤਿਆ ਦੇ ਦੋਸ਼ ਵਿੱਚ ਗ੍ਰਿਫਤਾਰ ਕਰ ਲਿਆ ਗਿਆ ਸੀ। ਅਨਾਹੀਮ ਪੁਲਿਸ ਵਿਭਾਗ ਨੇ ਇਕ ਪ੍ਰੈਸ ਬਿਆਨ ਵਿਚ ਕਿਹਾ ਹੈ ਕਿ ਫਰਗੂਸਨ ਦੀ ਪਤਨੀ ਸ਼ੈਰਾਇਲ ਜਖਮੀ ਹਾਲਤ ਵਿਚ ਘਰ ਵਿਚੋਂ ਹੀ ਮਿਲੀ ਸੀ ਤੇ ਉਸ ਦੇ ਘੱਟੋ ਘੱਟ ਇਕ ਗੋਲੀ ਵੱਜੀ ਹੋਈ ਸੀ। ਬਿਆਨ ਅਨੁਸਾਰ ਉਸ ਨੂੰ ਮੌਕੇ ਉਪਰ ਹੀ ਮ੍ਰਿਤਕ ਐਲਾਨ ਦਿੱਤਾ ਗਿਆ ਸੀ। ਅਦਾਲਤ ਵਿਚ ਫਰਗੂਸਨ ਦੇ ਵਕੀਲ ਨੇ ਕਿਹਾ ਕਿ ਗੋਲੀ ਅਚਨਚੇਤ ਚੱਲੀ ਸੀ। ਫਰਗੂਸਨ ਨੂੰ ਬੀਤੇ ਸ਼ੁੱਕਰਵਾਰ 10 ਲੱਖ ਡਾਲਰ ਦੀ ਜ਼ਮਾਨਤ ਉਪਰ ਰਿਹਾਅ ਕਰ ਦਿੱਤਾ ਗਿਆ ਸੀ। ਬੀਤੇ ਮੰਗਲਵਾਰ ਜੱਜ ਲਾਸ ਏਂਜਲਸ ਕਾਊਂਟੀ ਅਦਾਲਤ ਵਿਚ ਪੇਸ਼ ਹੋਇਆ।